ਅੰਮ੍ਰਿਤਸਰ : ਸਰਬੱਤ ਖ਼ਾਲਸਾ ਵੱਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਅੱਜ ਇਕ ਵੱਡਾ ਫ਼ੈਸਲਾ ਲੈਂਦਿਆਂ ਪੰਜਾਬ ਦੇ 2 ਕਾਂਗਰਸੀ ਮੰਤਰੀਆਂ ਅਤੇ 3 ਕਾਂਗਰਸ ਵਿਧਾਇਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖ਼ੇ ਤਲਬ ਕੀਤਾ ਹੈ।
ਭਾਈ ਧਿਆਨ ਸਿੰਘ ਮੰਡ ਵੱਲੋਂ ਤਲਬ ਕੀਤੇ ਗਏ ਕੈਬਨਿਟ ਮੰਤਰੀਆਂ ਵਿੱਚ ਸ: ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸ਼ਾਮਲ ਹਨ ਜਦਕਿ ਤਲਬ ਕੀਤੇ ਗਏ ਤਿੰਨ ਕਾਂਗਰਸ ਵਿਧਾਇਕਾਂ ਵਿੱਚ ਸ: ਹਰਮਿੰਦਰ ਸਿੰਘ ਗਿੱਲ, ਸ: ਕੁਲਬੀਰ ਸਿੰਘ ਜ਼ੀਰਾ ਅਤੇ ਸ: ਕੁਸ਼ਲਦੀਪ ਸਿੰਘ ਢਿੱਲੋਂ ਸ਼ਾਮਲ ਹਨ। ਇਹਨਾਂ ਨੂੰ 2 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖ਼ੇ ਪੇਸ਼ ਹੋ ਕੇ ਪੰਜ ਸਿੰਘ ਸਾਹਿਬਾਨ ਸਾਹਮਣੇ ਸਪਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪੰਥਕ ਧਿਰਾਂ ਵੱਲੋਂ ਲਾਏ ਗਏ ਬਰਗਾੜੀ ਇਨਸਾਫ਼ ਮੋਰਚੇ ਨੂੰ 10 ਦਸੰਬਰ 2018 ਨੂੰ 193 ਦਿਨਾਂ ਬਾਅਦ ਸਰਕਾਰ ਵੱਲੋਂ ਗਏ ਉਕਤ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਮੰਚ ਤੋਂ ਇਹ ਭਰੋਸਾ ਦੇ ਕੇ ਸਮਾਪਤ ਕਰਵਾਇਆ ਸੀ ਕਿ ਸਰਕਾਰ ਜਲਦ ਹੀ ਇਸ ਮਾਮਲੇ ਵਿੱਚ ਇਨਸਾਫ਼ ਦੇਵੇਗੀ।
ਐਪਰ ਇਸ ਦੇ ਬਾਵਜੂਦ ਅੱਜ ਤਕ ਇਸ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਅਤੇ ਮਾਮਲਾ ਅਦਾਲਤਾਂ ਅਤੇ ਐਸ.ਆਈ.ਟੀਜ਼ ਦੇ ਗੇੜ ਵਿੱਚ ਹੀ ਉਲਝ ਕੇ ਰਹਿ ਗਿਆ ਹੈ ਜਿਸ ਦੇ ਚੱਲਦਿਆਂ ਨਾ ਕੇਵਲ ਸਰਕਾਰ ਨੂੰ ਪੰਥਕ ਧਿਰਾਂ ਅਤੇ ਆਮ ਸਿੱਖਾਂ ਦੀ ਨਾਰਾਜ਼ਗੀ ਸਹਿਣੀ ਪੈ ਰਹੀ ਹੈ ਸਗੋਂ ਹੁਣ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਨੇ ਮੋਰਚੇ ਦੇ ਮੰਚ ਤੋਂ ਭਰੋਸਾ ਦਿੰਦੇ ਹੋਏ ਬਰਗਾੜੀ ਇਨਸਾਫ਼ ਮੋਰਚਾ ਸਮਾਪਤ ਕਰਵਾਉਣ ਵਾਲੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਤਲਬ ਕਰਨ ਦਾ ਫ਼ੈਸਲਾ ਲੈ ਲਿਆ ਹੈ।