ਨਵੀਂ ਦਿੱਲੀ : ਮਾਨਸੂਨ ਨੇ ਕੇਰਲ 'ਚ ਦਸਤਕ ਦੇ ਦਿੱਤੀ। ਮੌਸਮ ਵਿਭਾਗ ਨੇ ਦੱਸਿਆ ਕਿ ਮਾਨਸੂਨ ਦੀ ਆਮਦ ਪਿੱਛੋਂ ਸ਼ਾਮ ਤੱਕ ਸੂਬੇ ਦੇ ਕਈ ਖੇਤਰਾਂ 'ਚ ਭਾਰੀ ਮੀਂਹ ਪੈ ਚੁੱਕਾ ਸੀ। ਸਕਾਈਮੈਟ ਦੇ ਨਿਰਦੇਸ਼ਕ ਮਹੇਸ਼ ਪਲਾਵਤ ਨੇ ਦੱਸਿਆ ਕਿ ਜੁਲਾਈ ਦੇ ਪਹਿਲੇ ਹਫਤੇ ਤੱਕ ਉੱਤਰੀ ਭਾਰਤ ਦੇ ਵਧੇਰੇ ਹਿੱਸਿਆਂ 'ਚ ਮਾਨਸੂਨ ਦੀ ਵਰਖਾ ਸ਼ੁਰੂ ਹੋ ਜਾਏਗੀ। ਆਈ. ਐੱਮ. ਡੀ. ਦੇ ਡਾਇਰੈਕਟਰ ਜਨਰਲ ਐੱਮ. ਮਹਾਪਾਤਰਾ ਨੇ ਦੱਸਿਆ ਕਿ ਮਾਨਸੂਨ 'ਚ ਦੇਰੀ ਦਾ ਘੱਟ ਮੀਂਹ ਪੈਣ ਨਾਲ ਕੋਈ ਸਬੰਧ ਨਹੀਂ। ਇਹ ਜ਼ਰੂਰੀ ਨਹੀਂ ਕਿ ਜੇ ਮਾਨਸੂਨ ਨੇ ਕੇਰਲ 'ਚ ਇਕ ਹਫਤੇ ਦੀ ਦੇਰੀ ਨਾਲ ਦਸਤਕ ਦਿੱਤੀ ਹੈ ਤਾਂ ਪੂਰੇ ਦੇਸ਼ 'ਚ ਵਰਖਾ ਵੀ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਮਾਨਸੂਨ ਦੀ ਵਰਖਾ ਪੂਰੇ ਦੇਸ਼ 'ਚ ਆਮ ਵਰਗੀ ਹੋਵੇਗੀ। ਲਕਸ਼ਦੀਪ ਦੇ ਉਪਰ ਚੱਕਰਵਾਤੀ ਖੇਤਰ ਸ਼ਨੀਵਾਰ ਰਾਤ ਨੂੰ ਬਣ ਗਿਆ ਸੀ। ਦੱਖਣੀ-ਪੂਰਬੀ ਅਰਬ ਸਾਗਰ 'ਚ ਲੋਅ ਪ੍ਰੈਸ਼ਰ ਬਣ ਰਿਹਾ ਹੈ, ਜਿਸ ਕਾਰਨ ਐਤਵਾਰ ਸ਼ਾਮ ਤੱਕ ਮਾਨਸੂਨ ਵਲੋਂ ਤ੍ਰਿਪੁਰਾ 'ਚ ਦਸਤਕ ਦਿੱਤੀ ਜਾ ਸਕਦੀ ਹੈ।
ਸਕਾਈਮੈਟ ਨੇ ਇਸ ਸਾਲ 93 ਫੀਸਦੀ ਤੇ ਮੌਸਮ ਵਿਭਾਗ ਨੇ 96 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਦਿੱਲੀ ਤੇ ਐੱਨ. ਸੀ. ਆਰ. 'ਚ ਮਾਨਸੂਨ ਦੀ ਆਮਦ ਵੱਧ ਤੋਂ ਵੱਧ 10 ਤੋਂ 15 ਦਿਨ ਤੱਕ ਪਛੜ ਸਕਦੀ ਹੈ। ਆਮ ਤੌਰ 'ਤੇ ਦਿੱਲੀ 'ਚ ਮਾਨਸੂਨ ਜੂਨ ਦੇ ਆਖਰੀ ਹਫਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਦਸਤਕ ਦੇ ਦਿੰਦਾ ਹੈ।
ਪੰਜਾਬ 'ਚ 11 ਜੂਨ ਤੋਂ ਪ੍ਰੀ-ਮਾਨਸੂਨ ਦੀ ਦਸਤਕ-
ਪੰਜਾਬ 'ਚ ਮਾਨਸੂਨ ਜੁਲਾਈ ਦੇ ਪਹਿਲੇ ਹਫਤੇ 'ਚ ਪਹੁੰਚਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਪਰ 11-12 ਜੂਨ ਨੂੰ ਪੰਜਾਬ 'ਚ ਪ੍ਰੀ-ਮਾਨਸੂਨ ਦੀ ਬਾਰਿਸ਼ ਹੋ ਸਕਦੀ ਹੈ। 14 ਜੂਨ ਤੋਂ ਬਾਅਦ ਸੂਬੇ ਦੇ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ।