ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ੁੱਕਰਵਾਰ ਨੂੰ ਅਪਣੇ ਭਾਰਤੀ ਹਮ ਅਹੁਦਾ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖ ਕੇ ਕਿਹਾ ਕਿ ਕਸ਼ਮੀਰ ਮੁੱਦੇ ਸਮੇਤ ਸਾਰੇ ਮੱਤਭੇਦ ਦੂਰ ਕਰਨ ਲਈ ਉਹਨਾਂ ਦਾ ਦੇਸ਼ ਭਾਰਤ ਨਾਲ ਵਾਰਤਾਲਾਪ ਕਰਨਾ ਚਾਹੁੰਦਾ ਹੈ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਦਰਅਸਲ ਇਕ ਦਿਨ ਪਹਿਲਾਂ ਭਾਰਤ ਨੇ ਕਿਹਾ ਸੀ ਕਿ ਸ਼ੰਘਾਈ ਕੋਆਪਰੇਸ਼ਨ ਸੰਗਠਨ ਸੰਮੇਲਨ ਸ਼ਿਖਰ ਬੈਠਕ ਨਾਲ ਜੁੜੇ ਦੋਵੇਂ ਨੇਤਾਵਾਂ ਵਿਚਕਾਰ ਕੋਈ ਮੀਟਿੰਗ ਨਹੀਂ ਹੋਵੇਗੀ। ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ‘ਤੇ ਦੂਜੇ ਕਾਰਜਕਾਲ ਲਈ ਮੋਦੀ ਨੂੰ ਵਧਾਈ ਦਿੰਦੇ ਹੋਏ ਇਮਰਾਨ ਖ਼ਾਨ ਨੇ ਚਿੱਠੀ ਵਿਚ ਲਿਖਿਆ ਹੈ ਕਿ ਦੋਵੇਂ ਦੇਸ਼ਾਂ ਵਿਚ ਵਾਰਤਾਲਾਪ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਗਰੀਬੀ ਤੋਂ ਉਪਰ ਚੁੱਕਣ ਵਿਚ ਮਦਦ ਕਰਨ ਦਾ ਇਕੋ ਇਕ ਹੱਲ ਹੈ। ਉਹਨਾਂ ਕਿਹਾ ਕਿ ਖੇਤਰੀ ਵਿਕਾਸ ਲਈ ਇਕੱਠੇ ਮਿਲ ਕੇ ਕੰਮ ਕਰਨਾ ਜਰੂਰੀ ਹੈ।
ਖ਼ਬਰ ਅਨੁਸਾਰ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਮੁੱਦੇ ਸਮੇਤ ਸਾਰੇ ਮੁੱਦਿਆਂ ਦਾ ਹੱਲ ਚਾਹੁੰਦਾ ਹੈ। ਇਸੇ ਦੌਰਾਨ ਨਵੀਂ ਦਿੱਲੀ ਦੇ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਇਕ ਚਿੱਠੀ ਲਿਖੀ ਹੈ, ਜਿਸ ਵਿਚ ਉਹਨਾਂ ਨੇ ਪੀਐਮ ਮੋਦੀ ਨੂੰ ਚੋਣਾਂ ਵਿਚ ਮਿਲੀ ਜਿੱਤ ਦੀ ਵਧਾਈ ਦਿੱਤੀ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਚਿੱਠੀ ਕਦੋਂ ਮਿਲੀ। ਮੋਦੀ ਦੇ ਸੱਤਾ ਵਿਚ ਵਾਪਿਸ ਆਉਣ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਦੋਵੇਂ ਦੇਸ਼ਾਂ ਦੇ ਲੋਕਾਂ ਦੀ ਭਲਾਈ ਲਈ ਭਾਰਤ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜਤਾਈ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੂਰੈਸ਼ੀ ਨੇ ਵੀ ਅਪਣੇ ਭਾਰਤੀ ਹਮ ਅਹੁਦਾ ਐਸ ਜੈ ਸ਼ੰਕਰ ਨੂੰ ਇਕ ਚਿੱਠੀ ਲਿਖੀ ਸੀ, ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਦੇਸ਼ ਸਾਰੇ ਮਹੱਤਵਪੂਰਨ ਮੁੱਦਿਆਂ ‘ਤੇ ਭਾਰਤ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਦੌਵੇਂ ਦੇਸ਼ਾਂ ਵਿਚ ਤਣਾਅ ਪੈਦਾ ਹੋ ਗਿਆ ਸੀ।