ਨਵੀਂ ਦਿੱਲੀ : ਇੰਗਲੈਂਡ ਦੀ ਮਹਿਲਾ ਟੀਮ ਵਿਰੁਧ ਖੇਡੇ ਗਏ ਮੈਚ ਵਿਚ ਭਾਰਤੀ ਸਲਾਮੀ ਬੱਲੇਬਾਜ਼ ਸ਼ਿਫ਼ਾਲੀ ਵਰਮਾ ਨੇ ਇਕ ਓਵਰ ਵਿਚ ਪੰਜ ਚੌਕੇ ਲਗਾਉਣ ਦਾ ਕਾਰਨਾਮਾ ਕਰ ਦਿਖਾਇਆ। ਸ਼ਿਫ਼ਾਲੀ ਨੇ ਇੰਗਲੈਂਡ ਦੀ ਸਟਾਰ ਦੀ ਸਟਾਰ ਗੇਂਦਬਾਜ਼ ਕੈਥਰੀਨ ਬ੍ਰੰਟ ਦੀ ਗੇਂਦਾਂ ’ਤੇ ਲਗਾਤਾਰ ਪੰਜ ਚੌਕੇ ਲਗਾਏ। ਇਸ ਦੌਰਾਨ ਸ਼ਿਫ਼ਾਲੀ ਨੇ 38 ਗੇਂਦਾਂ ਵਿਚ 8 ਚੌਕਿਆਂ ਅਤੇ ਇਕ ਛਿੱਕੇ ਦੀ ਮਦਦ ਨਾਲ 48 ਦੌੜਾਂ ਬਣਾਈਆਂ, ਜਿਸ ਕਾਰਨ ਭਾਰਤੀ ਟੀਮ 20 ਓਵਰਾਂ ਵਿਚ 148 ਦੌੜਾਂ ਤਕ ਪਹੁੰਚ ਗਈ।
ਸਲਾਮੀ ਬੱਲੇਬਾਜ਼ ਸ਼ਿਫ਼ਾਲੀ ਵਰਮਾ ਦੀ ਤੂਫਾਨੀ ਪਾਰੀ ਤੇ ਸਪਿਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੇ ਐਤਵਾਰ ਨੂੰ ਇਥੇ ਦੂਜੇ ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਨੂੰ 1-1 ਨਾਲ ਬਰਾਬਰ ਕੀਤਾ। ਸ਼ਿਫ਼ਾਲੀ ਵਰਮਾ (38 ਗੇਂਦਾਂ ’ਤੇ 48 ਦੌੜਾਂ) ਅਤੇ ਸਮ੍ਰਿਤੀ ਮੰਧਾਨਾ (16 ਗੇਂਦਾਂ ’ਤੇ 20 ਦੌੜਾਂ) ਨੇ ਪਹਿਲੇ ਵਿਕਟ ਦੇ ਲਈ 70 ਦੌੜਾਂ ਦੀ ਸਾਂਝੇਦਾਰੀ ਕੀਤੀ।
ਭਾਰਤ ਨੇ ਚਾਰ ਵਿਕਟਾਂ ’ਤੇ 148 ਦੌੜਾਂ ਬਣਾਈਆਂ, ਜਿਸ ਵਿਚ ਕਪਤਾਨ ਹਰਮਨਪ੍ਰੀਤ ਕੌਰ ਨੇ 2 ਚੌਕੇ ਅਤੇ 2 ਛਿੱਕਿਆਂ ਦੀ ਮਦਦ ਨਾਲ 31 ਦੌੜਾਂ ਅਤੇ ਦੀਪਤੀ ਸ਼ਰਮਾ ਨੇ 27 ਗੇਂਦਾਂ ’ਤੇ 24 ਦੌੜਾਂ ਦਾ ਯੋਗਦਾਨ ਦਿੱਤਾ। ਜ਼ਿਕਰਯੋਗ ਹੈ ਕਿ ਟੀ-20 ਕ੍ਰਿਕਟ ’ਚ ਸ਼ਿਫ਼ਾਲੀ ਵਰਮਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਨੇ 23 ਮੈਚਾਂ ਵਿਚ 28 ਦੀ ਔਸਤ ਨਾਲ 617 ਦੌੜਾਂ ਬਣਾਈਆਂ ਹਨ। ਜਿਸ ’ਚ ਤਿੰਨ ਅਰਧ ਸੈਂਕੜੇ ਵੀ ਸ਼ਾਮਲ ਹਨ। ਸੱਭ ਤੋਂ ਗੱਲ ਸ਼ਿਫ਼ਾਲੀ ਦੀ ਸਟ੍ਰਾਈਕ ਰੇਟ 150 ਦੇ ਕਰੀਬ ਹੈ।