ਓਟਾਵਾ : ਡੇਅਰੀ ਬਰਾਂਡ ‘ਅਮੁਲ’ ਨੇ ਕੈਨੇਡਾ ਵਿੱਚ ਇੱਕ ਵੱਡੀ ਜਿੱਤ ਹਾਸਲ ਕਰਦੇ ਹੋਏ ਭਾਰਤ ਤੋਂ ਬਾਹਰ ਆਪਣਾ ਪਹਿਲਾ ਟ੍ਰੇਡਮਾਰਕ ਉਲੰਘਣ ਕੇਸ ਜਿੱਤ ਲਿਆ ਹੈ। ਕੈਨੇਡਾ ਦੇ ਇੰਟਲੈਕਚੁਅਲ ਪ੍ਰਾਪਰਟੀ ਅਪੀਲੇਟ ਬੋਰਡ ਨੇ ਅਮੁਲ ਬਰਾਂਡ ਦੇ ਟ੍ਰੇਡਮਾਰਕ ਸਟੇਟਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮੁਲ ਭਾਰਤ ਦਾ ਸਭ ਤੋਂ ਵੱਡਾ ਕੋਆਪਰੇਟਿਵ ਹੈ। ਬਰਾਂਡ ਨੂੰ ਨੁਕਸਾਨ ਦੇ ਮੁਆਵਜ਼ੇ ਦੇ ਤੌਰ ’ਤੇ 32 ਹਜ਼ਾਰ 733 ਕੈਨੇਡੀਅਨ ਡਾਲਰ ਦੇ ਭੁਗਤਾਨ ਨੂੰ ਵੀ ਮਨਜ਼ੂਰੀ ਮਿਲੀ ਹੈ, ਜੋ ਕਿ ਭਾਰਤੀ ਕਰੰਸੀ ਵਿੱਚ 19.59 ਲੱਖ ਰੁਪਏ ਬਣਦਾ ਹੈ।
ਅਮੁਲ ਨੇ ਟ੍ਰੇਡਮਾਰਕ ਉਲੰਘਣ ਕੇਸ ਫੈਡਰਲ ਕੋਰਟ ਆਫ਼ ਕੈਨੇਡਾ ਵਿੱਚ ਦਰਜ ਕੀਤਾ ਸੀ। ਇਹ ਭਾਰਤ ਤੋਂ ਬਾਹਰ ਕਿਸੇ ਕੰਸਪਨੀ ਵਿਰੁੱਧ ਅਮੁਲ ਦੁਆਰਾ ਕੀਤਾ ਗਿਆ ਅਜਿਹਾ ਪਹਿਲਾ ਮਾਮਲਾ ਸੀ। ਅਮੁਲ ਡੇਅਰੀ ਦੇ ਨਾਮ ਨਾਲ ਜਾਣੀ ਜਾਂਦੀ ਕੈਰਾ ਡਿਸਟ੍ਰਿਕਟ ਕੋਆਪਰੇਟਿਵ ਮਿਲਕ ਪ੍ਰੋਡਿਉਸਰਸ ਯੂਨਿਅਨ ਲਿਮਟਡ ਅਤੇ ਅਮੁਲ ਬਰਾਂਡ ਦੀ ਮਾਰਕੀਟਿੰਗ ਦੇਖਣ ਵਾਲੀ ‘ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ’ (ਜੀਸੀਐਮਐਮਐਫ) ਨੇ ਅਮੁਲ ਕੈਨੇਡਾ ਅਤੇ 4 ਹੋਰ ਲੋਕਾਂ, ਮੋਹਿਤ ਰਾਣਾ, ਆਕਾਸ਼ ਘੋਸ਼, ਚੰਦੂ ਦਾਸ ਅਤੇ ਪਟੇਲ ਵਿਰੁੱਧ ਫੈਡਰਲ ਕੋਰਟ ਆਫ਼ ਕੈਨੇਡਾ ਵਿੱਚ ਟ੍ਰੇਡਮਾਰਕ ਉਲੰਘਣ ਦਾ ਮੁਕੱਦਮਾ ਦਾਇਰ ਕੀਤਾ ਸੀ।
ਜਨਵਰੀ 2020 ਵਿੱਚ ਅਮੁਲ ਨੂੰ ਪਤਾ ਲੱਗਾ ਕਿ ਅਮੁਲ ਕੈਨੇਡਾ ਗਰੁੱਪ ਨੇ ਅਮੁਲ ਟ੍ਰੇਡਮਾਰਕ ਅਤੇ ਇਸ ਦੇ ਲੋਗੋ ‘ਅਮੁਲ-ਦਿ ਟੇਸਟ ਆਫ਼ ਇੰਡੀਆ’ ਨੂੰ ਕਾਪੀ ਕੀਤਾ ਹੈ। ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮ ੱਲੰਕਡਇਨ ’ਤੇ ਇੱਕ ਫੇਕ ਪ੍ਰੋਫਾਇਲ ਵੀ ਬਣਾਈ ਹੈ। ਅਮੁਲ ਕੈਨੇਡਾ ਦੇ ਲਿੰਕਡਇਨ ਪੇਜ ’ਤੇ ਜੌਬ ਅਤੇ ਫਾਲੋ ਦਾ ਆਈਕਨ ਵੀ ਸੀ। ਜਿਨ੍ਹਾਂ 4 ਲੋਕਾਂ ਨੂੰ ਦੋਸ਼ੀ ਮੰਨਿਆ ਗਿਆ ਹੈ, ਉਹ ਅਮੁਲ ਕੈਨੇਡਾ ਦੇ ਕਰਮਚਾਰੀਆਂ ਦੇ ਤੌਰ ’ਤੇ ਸੂਚੀਬੱਧ ਸਨ।
ਅਮੁਲ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਅਮੁਲ ਨੇ ਕਦੇ ਵੀ ਅਮੁਲ ਕੈਨੇਡਾ ਜਾਂ 4 ਵਿਅਕਤੀਆਂ ਵਿੱਚੋਂ ਕਿਸੇ ਨੂੰ ਵੀ ਆਪਣੇ ਟ੍ਰੇਡਮਾਰਕ ਅਤੇ ਕਾਪੀਰਾਈਟ ਦੀ ਕਿਸੇ ਵੀ ਤਰ੍ਹਾਂ ਵਰਤੋਂ ਕਰਨ ਲਈ ਲਾਇਸੰਸ ਨਹੀਂ ਦਿੱਤਾ ਸੀ ਅਤੇ ਨਾ ਹੀ ਸਹਿਮਤੀ ਪ੍ਰਦਾਨ ਕੀਤੀ ਸੀ।
ਫੈਡਰਲ ਕੋਰਟ ਆਫ਼ ਕੈਨੇਡਾ ਨੇ ਮੰਨਿਆ ਕਿ ਮੁਲਜ਼ਮਾਂ ਨੇ ਅਮੁਲ ਕਾਪੀਰਾਈਟ ਦਾ ਉਲੰਘਣ ਕੀਤਾ ਸੀ ਅਤੇ ਉਨ੍ਹਾਂ ਨੂੰ ਸਥਾਈ ਤੌਰ ’ਤੇ ‘ਅਮੁਲ’ ਅਤੇ ‘ਅਮੁਲ-ਦਿ ਟੇਸਟ ਆਫ਼ ਇੰਡੀਆ’ ਦੇ ਟ੍ਰੇਡਮਾਰਕ ਤੇ ਕਾਪੀਰਾਈਟ ਦਾ ਉਲੰਘਣ ਕਰਨ ਤੋਂ ਰੋਕਣ ਦਾ ਹੁਕਮ ਜਾਰੀ ਕੀਤਾ। ਦੱਸ ਦੇਈਏ ਕਿ ‘ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ’ ਪਿਛਲੇ 22 ਸਾਲਾਂ ਤੋਂ ਅਮਰੀਕਾ ਨੂੰ ਮਿਲਕ ਪ੍ਰੋਡਕਟ ਐਕਸਪੋਰਟ ਕਰ ਰਹੀ ਹੈ। ਇਹ ਵਿਸ਼ਵ ਪੱਧਰ ’ਤੇ 8ਵੀਂ ਸਭ ਤੋਂ ਵੱਡੀ ਮਿਲਕ ਪ੍ਰੋਸੈਸਰ ਹੈ, ਜਿਸ ਦਾ ਸਾਲਾਨਾ ਟਰਨਓਵਰ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ।