ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਸਮੇਂ ਇੰਗਲੈਂਡ ਦੌਰੇ ’ਤੇ ਹੈ। ਇਕ ਰੋਜ਼ਾ ਲੜੀ ’ਚ ਹਾਰ ਤੋਂ ਬਾਅਦ ਟੀਮ ਸ਼ੁੱਕਰਵਾਰ ਰਾਤ ਪਹਿਲਾਂ ਟੀ-20 ਮੁਕਾਬਲੇ ’ਚ ਖੇਡਣ ਉਤਰੀ। ਬਾਰਸ਼ ਕਾਰਨ ਇਹ ਮੈਚ ਪੂਰਾ ਨਹੀਂ ਹੋ ਸਕਿਆ ਅਤੇ ਮੇਜ਼ਬਾਨ ਟੀਮ ਨੂੰ ਡਕਵਰਥ ਲੁਈਸ ਨਿਯਮ ਦੇ ਆਧਾਰ ’ਤੇ 18 ਦੌੜਾਂ ਨਾਲ ਜੇਤੂ ਐਲਾਨਿਆ ਗਿਆ। ਇੰਗਲੈਂਡ ਦੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟ ’ਤੇ 177 ਦੌੜਾਂ ਬਣਾਈਆਂ ਸਨ। 8.4 ਓਵਰ ’ਚ ਭਾਰਤ ਨੂੰ 73 ਦੌੜਾਂ ਦਾ ਟੀਚਾ ਮਿਲਿਆ ਸੀ ਪਰ 3 ਵਿਕਟ ’ਤੇ ਟੀਮ 54 ਰਨ ਹੀ ਬਣਾ ਸਕੀ।
ਇਹ ਮੈਚ ਭਾਵੇਂ ਹੀ ਬਾਰਸ਼ ਕਾਰਨ ਖ਼ਰਾਬ ਹੋ ਗਿਆ ਹੋਵੇ ਅਤੇ ਦਰਸ਼ਕਾਂ ਦਾ ਮਜ਼ਾ ਕਿਰਕਿਰਾ ਹੋ ਗਿਆ ਪਰ ਇਕ ਭਾਰਤੀ ਖਿਡਾਰੀ ਮੈਚ ’ਚ ਛਾ ਗਈ। ਭਾਰਤੀ ਟੀਮ ਦੀ ਚੁਸਤ ਫ਼ੀਲਡਰ ਹਰਲੀਨ ਦਿਉਲ ਨੇ ਇਸ ਮੈਚ ’ਚ ਸੀਮਾ ਰੇਖਾ ’ਤੇ ਇਕ ਅਜਿਹਾ ਲਾਜਵਾਬ ਕੈਚ ਫੜਿਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ। ਸੀਮਾ ਰੇਖਾ ਤੋਂ ਬਾਹਰ ਜਾਂਦੀ ਗੇਂਦ ਨੂੰ ਪਹਿਲਾਂ ਇਸ ਖਿਡਾਰੀ ਨੇ ਹਵਾ ’ਚ ਉਛਲ ਕੇ ਸੀਮਾ ਰੇਖਾ ਤੋਂ ਅੰਦਰ ਸੁੱਟਿਆ ਤੇ ਫਿਰ ਹਵਾ ’ਚ ਉੱਡਦੇ ਹੋਏ ਇਸ ਨੂੰ ਕੈਚ ਕੀਤਾ।
ਇਹ ਕੈਚ ਬਹੁਤ ਹੀ ਲਾਜਵਾਬ ਸੀ ਅਤੇ ਸੋਸ਼ਲ ਮੀਡੀਆ ’ਤੇ ਇਸ ਦੀ ਵੀਡੀਉ ਲਗਾਤਾਰ ਸਾਂਝੀ ਕੀਤੀ ਜਾ ਰਹੀ ਹੈ। ਨਾਰਥੈਂਪਟਨ ’ਚ ਖੇਡੇ ਦਾ ਰਹੇ ਪਹਿਲੇ ਟੀ-20 ਮੈਚ ਦੌਰਾਨ ਇੰਗਲੈਂਡ ਦੀ ਪਾਰੀ ਦੇ 18.5 ਓਵਰ ’ਚ ਸ਼ਿਖਾ ਪਾਂਡੇ ਦੀ ਗੇਂਦ ’ਤੇ ਹਰਲੀਨ ਨੇ ਏਮੀ ਜੋਨਸ ਦਾ ਕਮਾਲ ਦਾ ਕੈਚ ਫੜਿਆ। ਭਾਰਤ ਸਮੇਤ ਦੁਨੀਆਂ ਦੇ ਦਿੱਗਜ਼ ਖਿਡਾਰੀ ਇਸ ਕੈਚ ਦੀ ਭਰਪੂਰ ਤਾਰੀਫ਼ ਕਰ ਰਹੇ ਹਨ। ਭਾਰਤ ਦੇ ਦਿੱਗਜ਼ ਬੱਲੇਬਾਜ਼ ਸਚਿਨ ਤੇਦੂਲਕਰ ਨੇ ਇਸ ਨੂੰ ‘ਦਿ ਕੈਚ ਆਫ਼ ਈਅਰ’ ਕਿਹਾ ਹੈ। (ਏਜੰਸੀ)