ਬਰਨਾਲਾ : 30 ਸਾਲ ਪੁਰਾਣੀ ਰੰਜਿਸ਼ ਦੇ ਚਲਦਿਆਂ ਬਰਨਾਲਾ ਦੇ ਪਿੰਡ ਸੇਖਾਂ ਵਿਚ ਇੱਕ ਗ੍ਰੰਥੀ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਰਾਤ ਕਰੀਬ ਦੋ ਵਜੇ ਗੁਰਦੁਆਰੇ ਦੇ ਸੇਵਾਦਾਰ ਨੇ ਤੇਜ਼ਧਾਰ ਹਥਿਆਰ ਨਾਲ ਉਕਤ ਗ੍ਰੰਥੀ ਜੋ ਗੁਰਦੁਆਰੇ ਪਾਠ ਕਰਨ ਆਇਆ ਸੀ, ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਮਕਸਦ ਨਾਲ ਉਸ ਨੂੰ ਰਜਵਾਹੇ ਵਿਚ ਵਹਾ ਦਿੱਤਾ। ਪੁਲਿਸ ਨੇ ਲਾਸ਼ ਨੂੰ ਬਰਾਮਦ ਕਰਨ ਦੇ ਨਾਲ ਹੀ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ। ਮਾਮਲੇ ਦੀ ਜਾਂਚ ਜਾਰੀ ਹੈ।
ਮ੍ਰਿਤਕ ਗ੍ਰੰਥੀ ਕੁਲਦੀਪ ਸਿੰਘ ਦੇ ਬੇਟੇ ਵਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵੇਰੇ ਦੋ ਵਜੇ ਗੁਰਦੁਆਰੇ ਵਿਚ ਪਾਠ ਕਰਨ ਲਈ ਆਏ ਸਨ। ਅੰਦਰ ਆਉਂਦੇ ਹੀ ਸੇਵਾਦਾਰ ਦਰਬਾਰਾ ਸਿੰਘ ਉਰਫ ਭੋਲਾ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਵਰਿੰਦਰ ਨੇ ਦੱਸਿਆ ਕਿ ਇਹ ਵਾਰਦਾਤ 30 ਸਾਲ ਪੁਰਾਣੀ ਰੰਜਿਸ਼ ਦੇ ਚਲਦਿਆਂ ਅੰਜਾਮ ਦਿੱਤੀ ਗਈ। ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਨਜ਼ਦੀਕੀ ਰਜਵਾਹੇ ਵਿਚ ਸੁੱਟ ਦਿੱਤਾ।
ਉਧਰ, ਥਾਣਾ ਸਦਰ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਗ੍ਰੰਥੀ ਦੀ ਲਾਸ਼ ਨੂੰ ਬਰਾਮਦ ਕਰ ਲਿਆ। ਉਸ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਵਿਚ ਰਖਵਾ ਦਿੱਤਾ। ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਅਗਲੇਰੀ ਕਾਰਵਾਈ ਜਾਰੀ ਹੈ।