ਕੋਲਹਾਪੁਰ : ਕੋਲਹਾਪੁਰ ਦੀ ਸੈਸ਼ਨ ਅਦਾਲਤ ਨੇ ਆਪਣੀ ਹੀ ਮਾਂ ਦਾ ਕਤਲ ਕਰਨ ਤੋਂ ਬਾਅਦ ਮ੍ਰਿਤਕ ਦੇਹ ਦੇ ਟੁਕੜੇ-ਟੁਕੜੇ ਕਰ ਕੇ ਖਾ ਜਾਣ ਵਾਲੇ ਦਰਿੰਦੇ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦਰਅਸਲ ਦੋਸ਼ੀ ਵਿਅਕਤੀ ਨੇ ਮਾਂ ਤੋਂ ਸ਼ਰਾਬ ਪੀਣ ਲਈ ਪੈਸੇ ਮੰਗੇ ਸਨ ਤੇ ਪੈਸੇ ਨਾਂ ਮਿਲਣ ‘ਤੇ ਉਸਨੇ ਕਤਲ ਕਰ ਦਿੱਤਾ। ਇਹੀ ਨਹੀਂ ਉਸ ਨੇ ਕਤਲ ਤੋਂ ਬਾਅਦ ਮ੍ਰਿਤਕ ਦੇਹ ਦੇ ਟੁਕੜੇ-ਟੁਕੜੇ ਕਰਕੇ ਉਸ ਨੂੰ ਖਾ ਵੀ ਲਿਆ। ਹਾਲਾਂਕਿ ਹਾਲੇ ਵੀ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ। ਸੈਸ਼ਨ ਜੱਜ ਮਹੇਸ਼ ਕ੍ਰਿਸ਼ਨਾ ਜੀ ਯਾਦਵ ਨੇ 35 ਸਾਲਾ ਸੁਨੀਲ ਰਾਮ ਨੂੰ ਆਈਪੀਸੀ ਦੀ ਧਾਰਾ 302 ਦੇ ਤਹਿਤ ਮਾਂ ਦਾ ਕਤਲ ਕਰਨ ਦਾ ਦੋਸ਼ੀ ਕਰਾਰ ਦਿੱਤਾ।
ਅਦਾਲਤ ਨੇ ਕੋਲਹਾਪੁਰ ਪੁਲੀਸ ਦੀ ਜਾਂਚ ਨੂੰ ਸਹੀ ਕਰਾਰ ਦਿੱਤਾ। ਜਿਸ ‘ਚ ਕਿਹਾ ਗਿਆ ਕਿ ਸੁਨੀਲ ਨੇ ਸ਼ਰਾਬ ਲਈ ਪੈਸੇ ਨਾ ਮਿਲਣ ਦੇ ਚੱਲਦਿਆਂ ਆਪਣੀ 63 ਸਾਲਾ ਮਾਂ ਦਾ ਕਤਲ ਕਰ ਦਿੱਤਾ ਸੀ। ਉਸ ਨੇ ਇਸ ਘਟਨਾ ਨੂੰ 28 ਅਗਸਤ 2017 ਨੂੰ ਅੰਜਾਮ ਦਿੱਤਾ ਸੀ, ਜਿਸ ਦੀ ਦੇਸ਼ ਭਰ ਵਿੱਚ ਚਰਚਾ ਵੀ ਹੋਈ ਸੀ। ਕਤਲ ਤੋਂ ਬਾਅਦ ਸੁਨੀਲ ਨੇ ਮਾਂ ਦੀ ਮ੍ਰਿਤਕ ਦੇਹ ਦੇ ਕਈ ਟੁਕੜੇ ਕੀਤੇ ਤੇ ਉਨ੍ਹਾਂ ‘ਚੋਂ ਕਈ ਨੂੰ ਫਰਾਈ ਕਰਕੇ ਖਾ ਗਿਆ। ਸਰਕਾਰੀ ਵਕੀਲ ਵਿਵੇਕ ਸ਼ੁਕਲਾ ਨੇ ਕਿਹਾ ਕਿ ਅਸੀਂ ਅਦਾਲਤ ‘ਚ ਸਜ਼ਾ-ਏ-ਮੌਤ ਦੀ ਮੰਗ ਕੀਤੀ ਸੀ। ਅਜਿਹੇ ਕਤਲ ਦੇ ਮਾਮਲਿਆਂ ‘ਚ ਪਹਿਲਾਂ ਵੀ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਹਨ। ਉਸ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ ਅਤੇ ਫਿਰ ਮ੍ਰਿਤਕ ਦੇਹ ਦੇ ਨਾਲ ਅਜਿਹਾ ਕੀਤਾ ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਮਾਮਲੇ ਦੀ ਜਾਂਚ ਕਰਨ ਵਾਲੇ ਇੰਸਪੈਕਟਰ ਐੱਸ.ਐੱਸ ਮੋਰੇ ਨੇ ਡੀਐੱਨਏ ਪ੍ਰੋਫਾਈਲ ਜ਼ਰੀਏ ਪੜਤਾਲ ਕੀਤੀ ਸੀ।