Friday, November 22, 2024
 

ਚੰਡੀਗੜ੍ਹ / ਮੋਹਾਲੀ

ਆਜ਼ਾਦ ਗਰੁੱਪ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਮੁਹਾਲੀ ਦੇ ਮੇਅਰ ਨੂੰ ਝਟਕਾ

July 05, 2021 09:33 PM

-ਵਿੱਤ ਤੇ ਠੇਕਾ ਕਮੇਟੀ ਨੂੰ ਦਿੱਤੀ ਤਾਕਤ ਹੋਈ ਰੱਦ

ਮੁਹਾਲੀ(ਸੱਚੀ ਕਲਮ ਬਿਊਰੋ) : ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਕਿਰਤ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਤੇ ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੂੰ ਵੱਡਾ ਝਟਕਾ ਦਿੰਦਿਆਂ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਨੂੰ ਹਾਊਸ ਵਿੱਚ ਬਹੁਮਤ ਦੇ ਜ਼ੋਰ ਇੱਕ ਕਰੋੜ ਰੁਪਿਆ ਖਰਚ ਕਰਨ ਦੀ ਲਈ ਤਾਕਤ ਰੱਦ ਕਰ ਦਿੱਤੀ ਹੈ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਹਦਾਇਤ ਕੀਤੀ ਹੈ ਕਿ ਵਿੱਤ ਤੇ ਠੇਕਾ ਕਮੇਟੀ ਸਿੱਧੇ ਰੂਪ ’ਚ ਕੋਈ ਖਰਚਾ ਨਹੀਂ ਕਰ ਸਕਦੀ।

ਅੱਜ ਇੱਥੇ ਆਜ਼ਾਦ ਗਰੁੱਪ ਵੱਲੋਂ ਕੀਤੀ ਇੱਕ ਪ੍ਰੈੱਸ ਕਾਨਫਰੰਸ ਵਿੱਚ ਡਾਇਰੈਕਟਰ ਲੋਕਲ ਬਾਡੀ ਵੱਲੋਂ ਜਾਰੀ ਕੀਤੀ ਚਿੱਠੀ ਪੱਤਰਕਾਰਾਂ ਨੂੰ ਦਿਖਾਉਂਦਿਆਂ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਅਤੇ ਕੌਂਸਲਰ ਸਰਬਜੀਤ ਸਿੰਘ ਨੇ ਕਿਹਾ ਕਿ 27 ਜੂਨ 2021 ਨੂੰ ਸਾਰੇ ਨਗਰ ਨਿਗਮਾਂ ਦੇ ਕਮਿਸ਼ਨਰਾਂ ਨੂੰ ਲਿਖੀ ਚਿੱਠੀ ਵਿੱਚ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਨੇ ਕਿਹਾ ਹੈ ਕਿ ਜਨਰਲ ਹਾਊਸ ਵਿੱਚ ਹੀ ਵਿਚਾਰਨ ਉਪਰੰਤ ਹੀ ਕੋਈ ਕੰਮ ਵਿਤ ਤੇ ਠੇਕਾ ਕਮੇਟੀ ਨੂੰ ਸੌਂਪਿਆ ਜਾਵੇ। ਇਸ ਦਾ ਸਪਸ਼ਟ ਅਰਥ ਇਹੀ ਹੈ ਕਿ ਕਿਸੇ ਕੰਮ ਲਈ ਖਰਚਾ ਅਸਟੀਮੇਟ ਪਾਸ ਕਰਨ ਦਾ ਅਧਿਕਾਰ ਸਿਰਫ ਤੇ ਸਿਰਫ ਹਾਊਸ ਨੂੰ ਹੀ ਹੈ ਅਤੇ ਹਾਊਸ ਦੀ ਮੋਹਰ ਲ਼ਗਣ ਤੋਂ ਬਾਅਦ ਹੀ ਕਿਸੇ ਕੰਮ ਲਈ ਕੰਟਰੈਕਟ ਕਰਨ ਦਾ ਕੰਮ ਕਮੇਟੀ ਨੂੰ ਸੌਂਪਿਆ ਜਾ ਸਕਦਾ ਹੈ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਹਾਜ਼ਰੀ ’ਚ ਹੋਈ ਇਸ ਮੀਟਿੰਗ ’ਚ ਹਾਊਸ ਦੀ ਬਹੁ–ਸੰਮਤੀ ਨਾਲ ਇੱਕ ਕਰੋੜ ਤੱਕ ਖਰਚ ਕਰਨ ਦੀ ਪਾਵਰ ਵਿੱਤ ਤੇ ਠੇਕਾ ਕਮੇਟੀ ਨੂੰ ਦਿੱਤੀ ਗਈ ਸੀ, ਜਿਸ ’ਤੇ ਵਿਰੋਧੀ ਧਿਰ ਦੇ ਆਗੂ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਇਤਰਾਜ਼ ਕਰਦਿਆਂ ਕਿਹਾ ਸੀ ਕਿ ਇਸ ਫੈਸਲੇ ਨਾਲ ਹਾਊਸ ਦੀ ਤਾਕਤ ਖ਼ਤਮ ਹੋ ਗਈ ਹੈ ਅਤੇ ਹਾਊਸ ਵਿੱਤ ਤੇ ਠੇਕਾ ਕਮੇਟੀ ਤੋਂ ਛੋਟਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਸੀ ਕਿ ਇਸ ਕਮੇਟੀ ਵਿੱਚ ਵਿਰੋਧੀ ਧਿਰ ਦੇ ਦੋ ਮੈਂਬਰ ਲਏ ਜਾਣ ਤਾਂ ਕਿ ਕਮੇਟੀ ’ਚ ਪਾਰਦਰਸ਼ਤਾ ਬਣੀ ਰਹੇ। ਇਸ ਪੱਤਰ ’ਤੇ 12 ਕੌਂਸਲਰਾਂ ਦੇ ਦਸਤਖਤ ਸਨ ਤੇ ਵੱਖਰੀ ਰਾਇ ਵਜੋਂ ਕਮਿਸ਼ਨਰ ਕੋਲ ਦਰਜ ਕਰਵਾਈ ਸੀ।

ਡਾਇਰੈਕਟਰ ਵੱਲੋਂ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਨਗਰ ਨਿਗਮਾਂ ਵਿੱਚ ਵਿਤ ਤੇ ਠੇਕਾ ਕਮੇਟੀ ਰਾਹੀਂ ਅਜਿਹੀਆਂ ਤਜ਼ਵੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦੀ ਜਨਰਲ ਹਾਊਸ ਰਾਹੀਂ ਸਰਕਾਰ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੁੰਦੀ ਹੈ ਪਰ ਵਿਤ ਤੇ ਠੇਕਾ ਕਮੇਟੀ ਇੱਕ ਮਤੇ ਰਾਹੀਂ ਜਨਰਲ ਹਾਊਸ ਤੋਂ ਕਮੇਟੀ ਦੇ ਸਾਰੇ ਕੰਮਾਂ ਦੀ ਪੁਸ਼ਟੀ ਕਰਵਾ ਲੈਂਦੀ ਹੈ। ਇਹ ਪੰਜਾਬ ਨਗਰ ਨਿਗਮ 1976 ਐਕਟ ਦੀਆਂ ਧਾਰਾਵਾਂ ਤੇ ਸਰਕਾਰ ਦੀਆਂ ਹਦਾਇਤਾਂ ਦੀ ਅਣਦੇਖੀ ਕੀਤੀ ਜਾਂਦੀ ਹੈ। ਡਾਇਰੈਕਟਰ ਨੇ ਸਾਰੇ ਕਮਿਸ਼ਨਰਾਂ ਨੂੰ ਉਪਰੋਕਤ ਚਿੱਠੀ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ।

ਇਸ ਮੌਕੇ ਕੌਂਸਲਰ ਰਮਨਪ੍ਰੀਤ ਕੌਰ, ਜਸਪਾਲ ਸਿੰਘ ਮਟੌਰ, ਰਜੀਵ ਵਿਸ਼ਿਸ਼ਟ, ਸਰਬਜੀਤ ਸਿੰਘ ਸਮਾਣਾ, ਕਰਮਜੀਤ ਕੌਰ, ਗੁਰਮੀਤ ਕੌਰ ਤੇ ਰਾਜਬੀਰ ਕੌਰ ਸਮੇਤ ਆਜ਼ਾਦ ਗਰੁੱਪ ਦੇ ਮੁੱਖ ਬੁਲਾਰੇ ਪਰਵਿੰਦਰ ਸਿੰਘ ਸੋਹਾਣਾ, ਰਜਿੰਦਰ ਕੁਮਾਰ ਸ਼ਰਮਾ, ਫੂਲਰਾਜ ਸਿੰਘ, ਹਰਸਿਮਰਤ ਸਿੰਘ ਗਿੱਲ, ਹਰਵਿੰਦਰ ਸਿੰਘ ਸੈਣੀ, ਅਕਬਿੰਦਰ ਸਿੰਘ ਗੋਸਲ ਤੋਂ ਇਲਾਵਾ ਹੋਰ ਵੀ ਅਨੇਕਾਂ ਆਗੂ ਹਾਜ਼ਰ ਸਨ।

 

 

Have something to say? Post your comment

Subscribe