ਚੰਡੀਗੜ੍ਹ: ਪੰਜਾਬ 'ਚ ਇਸ ਸਾਲ ਮਾਨਸੂਨ (Monsoon) ਦੇਰੀ ਨਾਲ ਆਉਣ ਕਾਰਨ ਅਤੇ ਝੋਨੇ ਦੀ ਬਿਜਾਈ ਨਾ ਹੋਣ ਕਾਰਨ ਬਿਜਲੀ ਸੰਕਟ ਪੈਦਾ ਹੋਇਆ ਹੈ, ਇਹ ਪੰਜਾਬ ਪਾਵਰਕਾਮ ਦੇ ਚੇਅਰਮੈਨ ਅਤੇ ਪ੍ਰਬੰਧਕ ਡਾਇਰੈਕਟਰ ਏ. ਵੇਨੂੰ ਪ੍ਰਸਾਦ ਦਾ ਕਹਿਣਾ ਹੈ। ਸ਼ੁੱਕਰਵਾਰ ਨੂੰ ਸੀ.ਆਈ.ਆਈ. ਦੇ ਪੰਜਾਬ ਚੈਪਟਰ ਵਲੋਂ ਆਯੋਜਿਤ ਵਰਚੁਅਲ ਇੰਟਰੈਕਸ਼ਨ ਨੂੰ ਪ੍ਰਸਾਦ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਇਕ ਬਿਜਲੀ ਸੰਕਟ ਦਾ ਕਾਰਨ ਪੀਕ ਸੀਜ਼ਨ ਵਿਚ ਨਿੱਜੀ ਖੇਤਰਦੇ ਪਾਵਰ ਪਲਾਂਟਾਂ ਵਲੋਂ ਤੈਅ ਬਿਜਲੀ ਸਪਲਾਈ 'ਚ ਅਸਫਲਤਾ ਆਉਣਾ ਵੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਵਰਕ ਫਰੋਮ ਹੋਮ ਹੋਣ ਕਾਰਨ ਵੀ ਬਿਜਲੀ ਦੀ ਖਪਤ ਚ ਵਾਧਾ ਹੋਇਆ ਹੈ। ਆਮ ਤੌਰ 'ਤੇ ਪਾਵਰਕਾਮ 12, 500 ਮੈਗਾ ਵਾਟ ਦੀ ਉਪਲੱਬਧਤਾ ਯਕੀਨੀ ਕਰਦੀ ਹੈ, ਹਾਲਾਤਾਂ ਨੂੰ ਵੇਖਦੇ ਹੋਏ ਇਸ ਸਾਲ 13, 500 ਮੈਗਾਵਾਟ ਦੀ ਉਪਲੱਬਧਤਾ ਯਕੀਨੀ ਕੀਤੀ ਗਈ ਸੀ। ਪਰ ਇੰਡਸਟਰੀ ਜਾਰੀ ਰਹਿਣ ਕਰਕੇ ਇਹ ਮੰਗ 15, 500 ਮੈਗਾਵਾਟ ਤੋਂ ਵੱਧ ਜਾਵੇਗੀ। ਇਸ ਕਰਕੇ ਹੀ ਪਾਬੰਧੀਆਂ ਲਗਾਈਆਂ ਗਈਆਂ ਹਨ। ਇਸ ਦੇ ਨਾਲ ਹੀ ਸੀ.ਆਈ.ਆਈ. ਪੰਜਾਬ ਚੈਪਟਰ (CII Punjab Chapter) ਦੇ ਚੇਅਰਮੈਨ ਭਵਦੀਪ ਸਰਦਾਨਾ ਨੇ ਕਿਹਾ ਕਿ ਪਾਵਰਕਾਮ ਨੂੰ ਹੁਣ ਡਿਸਟ੍ਰੀਬਿਊਸ਼ਨ ਅਤੇ ਟਰਾਂਸਮਿਸ਼ਨ ਲਾਸ (Distribution and Transmission Loss) ਨੂੰ ਘੱਟ ਕਰਨ ਲਈ ਵੀ ਸਖ਼ਤ ਕਰਮ ਚੁੱਕਣੇ ਚਾਹੀਦੇ ਹਨ। ਇਸ ਰਾਹੀਂ ਉਪਭੋਗਤਾਵਾਂ ਨੂੰ ਵੀ ਉਨ੍ਹਾਂ ਵਲੋਂ ਅਦਾ ਕੀਤੀ ਗਈ ਰਾਸ਼ੀ ਦਾ ਸਹੀ ਲਾਭ ਮਿਲੇਗਾ।