ਨਵੀਂ ਦਿੱਲੀ : ਡਿਜੀਟਲ ਭੁਗਤਾਨ ਕਰਨ ਵਾਲੀ ਕੰਪਨੀ ਪੇਟੀਐਮ (Paytm) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਡਿਜੀਟਲ ਇੰਡੀਆ ਦੇ 6 ਸਾਲ ਪੂਰੇ ਹੋਣ ਮੌਕੇ ਕੰਪਨੀ ਖਪਤਕਾਰਾਂ ਅਤੇ ਵਪਾਰੀਆਂ ਲਈ ਕੈਸ਼ਬੈਕ ਪ੍ਰੋਗਰਾਮ ਲੈ ਕੇ ਆ ਰਹੀ ਹੈ। ਜਿਸ ਲਈ 50 ਕਰੋੜ ਰੁਪਏ ਰੱਖੇ ਗਏ ਹਨ। ਦੱਸ ਦਈਏ ਕਿ ਕੰਪਨੀ ਨੇ ਪੇਟੀਐਮ ਐਪ ਰਾਹੀਂ ਭਾਰਤ ਦੇ ਵਪਾਰੀਆਂ ਅਤੇ ਖਪਤਕਾਰਾਂ ਵੱਲੋਂ ਕੀਤੇ ਗਏ ਹਰੇਕ ਲੈਣ-ਦੇਣ ਲਈ ਕੈਸ਼ਬੈਕ ਦਾ ਐਲਾਨ ਕੀਤਾ ਹੈ।
ਕੰਪਨੀ ਵੱਲੋਂ ਇਹ ਪ੍ਰੋਗਰਾਮ ਕਰਨਾਟਕ, ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸਮੇਤ ਦੇਸ਼ ਭਰ ਦੇ 200 ਜ਼ਿਲ੍ਹਿਆਂ ਵਿਚ ਵਿਸ਼ੇਸ਼ ਮੁਹਿੰਮ ਨਾਲ ਸ਼ੁਰੂ ਕੀਤਾ ਜਾਵੇਗਾ। ਪੇਟੀਐਮ ਦੇ CEO ਵਿਜੇ ਸ਼ੇਖਰ ਸ਼ਰਮਾ (Vijay Shekhar Sharma) ਨੇ ਕਿਹਾ ਕਿ ਕੈਸ਼ਬੈਕ ਤੋਂ ਇਲਾਵਾ ਦਿਵਾਲੀ ਤੋਂ ਪਹਿਲਾਂ ਪੇਟੀਐਮ ਐਪ ’ਤੇ ਸਭ ਤੋਂ ਵੱਧ ਟ੍ਰਾਂਜੈਕਸ਼ਨ ਕਰਨ ਵਾਲੇ ਵਪਾਰੀਆਂ ਨੂੰ ਕੈਸ਼ਬੈਕ ਦੇ ਨਾਲ-ਨਾਲ ਮੁਫ਼ਤ ਸਾਊਂਡਬਾਕਸ ਅਤੇ ਆਈ.ਓ.ਟੀ. ਉਪਕਰਣ ਵੀ ਦਿੱਤੇ ਜਾਣਗੇ।