ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਦਾ 27 ਜੂਨ, 1839 ਨੂੰ ਬੇਵਕਤੀ ਅਕਾਲ ਚਲਾਣਾ ਉਸ ਪੰਜਾਬ ਦੀ ਕਿਸਮਤ ਡੋਬ ਗਿਆ ਜੋ ਕਿ ਦੁਨੀਆਂ ਦਾ ਸਭ ਤੋਂ ਖੁਸ਼ਹਾਲ ਰਾਜ ਸੀ। ਮਹਾਰਾਜਾ ਦੇ ਉਸ ਪੰਜਾਬ ਦੀ ਹੱਦਾਂ ਸਤਲੁਜ ਦੇ ਉਪਰ ਸੀ, ਲਾਹੌਰ - ਅੰਮ੍ਰਿਤਸਰ ਸਭ ਤੋਂ ਮੁੱਖ ਸ਼ਹਿਰ ਸੀ। ਪਰ ਬ੍ਰਿਟਿਸ਼ ਹਕੂਮਤ ਵਾਲੇ ਸਤਲੁਜ ਇਲਾਕੇ ਦੇ ਕੁਝ ਖੂਫੀਆਂ ਤੰਤਰ ਹਮੇਸ਼ਾ ਮਹਾਰਾਜੇ ਦੇ ਉਸ ਪੰਜਾਬ ਦੀ ਖਬਰ ਰੱਖਦੇ ਸਨ। ਮਹਾਰਾਜਾ ਅਸਤ ਕਿ ਹੋਇਆ, ਬ੍ਰਿਟਿਸ਼ ਹਕੂਮਤ ਨੇ ਅਸਿੱਧੇ ਤੌਰ ਤੇ ਡੋਗਰਿਆਂ ਤੇ ਹੋਰ ਕੁਝ ਗੱਦਾਰਾਂ ਨਾਲ ਮਿਲ ਕੇ, ਨੀਚ ਚਾਲਾ ਚੱਲ ਕੇ ਮਹਾਰਾਜੇ ਦਾ ਤਕਰੀਬਨ ਸਾਰਾ ਪਰਿਵਾਰ ਹੀ ਖਤਮ ਕਰਵਾ ਦਿੱਤਾ। ਆਖਰੀ ਵਾਰਿਸ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਗਿਆ। ਇਹ ਸਭ ਕੁਝ ਇੱਕੋ ਦਿਨ ਵਿੱਚ ਨਹੀਂ ਹੋਇਆ ਪਰ ਕਈ ਸਾਲ ਲੱਗੇ। ਮਹਾਰਾਜੇ ਦੀ ਕੁਝ ਗਲਤੀਆਂ ਵੀ ਸੀ, ਜੋਕਿ ਸਿੱਖ ਰਾਜ ਦੇ ਪਤਨ ਦਾ ਕਾਰਣ ਬਣੀਆਂ। ਸਾਲ 1849 ਵਿੱਚ ਬ੍ਰਿਟਿਸ਼ ਇੰਡੀਆ ਹਕੂਮਤ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਪਰ ਇੱਕ ਹੋਰ ਗੱਲ ਜੇਕਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਤਲੁਜ ਇਲਾਕੇ ਤੋਂ ਪਰੇ ਰਿਆਸਤਾਂ ਦੇ ਸਿੱਖ ਰਾਜੇ ਵੀ ਸ਼ੁਰੂ ਤੋਂ ਇੱਕਜੁਟ ਹੋ ਜਾਂਦੇ, ਬ੍ਰਿਟਿਸ਼ ਹਕੂਮਤ ਦਾ ਸਾਥ ਨਾ ਦਿੰਦੇ ਤਾਂ ਹੋ ਸਕਦਾ ਸੀ ਕਿ ਪੰਜਾਬ ਦਾ ਇਤਿਹਾਸ ਹੀ ਕੁਝ ਹੋਰ ਹੁੰਦਾ। ਅੱਜ ਵੀ ਉਸ ਸਿੱਖ ਰਾਜ ਬਾਰੇ ਜੇਕਰ ਡੂੰਘਿਆਂ ਜਾਨਣ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਕੁਝ ਪਤਾ ਲਗਦਾ। ਮਹਾਰਾਜਾ ਰਣਜੀਤ ਸਿੰਘ ਹੀ ਅੱਜ ਅਸਤ ਨਹੀਂ ਹੋਇਆ ਸੀ ਪਰ ਉਸ ਨਾਲ ਉਸਦੇ ਖੁਸ਼ਹਾਲ ਪੰਜਾਬ ਦੀ ਕਿਸਮਤ ਵੀ ਚਿਖਾ ਵਿੱਚ ਸੜ ਗਈ ਸੀ, ਜੇਕਰ 1849 ਤੋਂ 1947 ਬਾਰੇ ਗੱਲ ਕਰੀਏ ਤਾਂ 98 ਸਾਲਾਂ ਬਾਅਦ ਵੰਡ ਵੀ ਉਸੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੀ ਹੀ ਹੋਈ ਸੀ। ਜੇ ਮਹਾਰਾਜਾ ਰਣਜੀਤ ਸਿੰਘ ਹੁੰਦਾ ਤਾਂ ਕਿਸ ਦੀ ਮਜਾਲ ਸੀ ਕਿ ਕੋਈ ਉਸਦੇ ਰਾਜ ਵੱਲ ਅੱਖ ਵੀ ਚੁਕਦਾ, ਅਫਸੋਸ ਉਸੇ ਬ੍ਰਿਟਿਸ਼ ਹਕੂਮਤ ਨੇ ਕਬਜ਼ੇ ਤੋਂ 98 ਸਾਲਾਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਭਾਰਤ - ਪਾਕਿਸਤਾਨ ਵਿੱਚ ਟੁਕੜਿਆਂ ਵਾਂਗ ਵੰਡ ਦਿੱਤਾ। ਜਿਆਦਾ ਪਾਕਿਸਤਾਨ ਵਿੱਚ ਗਿਆ, ਥੋੜਾ ਰਹਿੰਦਾ ਇਸ ਪੰਜਾਬ ਵਿੱਚ ਰਹਿ ਗਿਆ। ਪਰ ਅੱਜ ਬਦਕਿਸਮਤੀ ਦਾ ਇਹ ਦੌਰ ਵੀ ਜਦ ਮਹਾਰਾਜਾ ਦੀ ਅਮੀਰ ਵਿਰਾਸਤ ਦੋਵੇਂ ਮੁਲਕਾਂ ਵਿੱਚ ਰੁਲੀ ਫਿਰਦੀ ਜਾ ਖਤਮ ਹੋ ਰਹੀ ਪਰ ਇਸ ਨੂੰ ਸਾਂਭਣ ਵਾਲਾ ਕੋਈ ਨਹੀਂ।