ਨਿਊ ਮੈਕਸਿਕੋ : ਨਿਊ ਮੈਕਸਿਕੋ ਵਿਚ ਕੁੱਝ ਲੋਕਾਂ ਨੇ ਗ਼ਰਮ ਹਵਾ ਦੇ ਗ਼ੁਬਾਰੇ ਜੋੜ ਕੇ ਇਕ ਹਵਾਈ ਜਹਾਜ਼ ਵਾਂਗੂ ਇਕ ਉਡਣ ਖਟੋਲਾ ਬਣਾਇਆ, ਇਹ ਉਡਣ ਖਟੋਲਾ 5 ਜਣਿਆਂ ਨੂੰ ਲੈ ਕੇ ਹਵਾ ਵਿਚ ਉਡ ਵੀ ਪਿਆ ਪਰ ਅਚਾਨਕ ਇਕ ਹਾਦਸਾ ਵਾਪਰ ਗਿਆ ਅਤੇ ਪੰਜਾਂ ਦੀ ਮੌਤ ਹੋ ਗਈ। ਦਰਅਸਲ ਨਿਊ ਮੈਕਸਿਕੋ ਦੇ ਸਭ ਤੋਂ ਵੱਡੇ ਸ਼ਹਿਰ ਅਲਬੂਕਰਕੇ ਵਿੱਚ ਪੰਜ ਵਿਅਕਤੀ ਗਰਮ ਹਵਾ ਦਾ ਗੁਬਾਰੇ (ਹੌਟ ਏਅਰ ਬੈਲੂਨ) ਵਿੱਚ ਹਵਾਈ ਸੈਰ ਦਾ ਮਜ਼ਾ ਲੈ ਰਹੇ ਸਨ। ਇਸੇ ਦੌਰਾਨ ਇਹ ਗੁਬਾਰਾ ਬਿਜਲੀ ਦੀਆਂ ਤਾਰਾਂ ਨਾਲ ਟਕਰਾਅ, ਜਿਸ ਕਾਰਨ ਉਨ੍ਹਾਂ ਪੰਜੇ ਲੋਕਾਂ ਦੀ ਮੌਤ ਹੋ ਗਈ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਲਗਭਗ 7 ਵਜੇ ਸ਼ਹਿਰ ਦੇ ਪੱਛਮੀ ਇਲਾਕੇ ਵਿੱਚ ਵਾਪਰਿਆ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ। ਸਿਰਫ਼ ਇੰਨਾ ਹੀ ਦੱਸਿਆ ਕਿ ਮ੍ਰਿਤਕਾਂ ਵਿੱਚ ਪਾਇਲਟ ਸਣੇ 3 ਮਰਦ ਅਤੇ 2 ਔਰਤਾਂ ਦੀ ਮੌਤ ਹੋ ਗਈ ਹੈ।
ਚਾਰ ਲੋਕਾਂ ਦੀ ਮੌਤ ਘਟਨਾ ਸਥਾਨ ’ਤੇ ਹੀ ਹੋ ਗਈ ਅਤੇ ਇੱਕ ਵਿਅਕਤੀ ਨੇ ਹਸਪਤਾਲ ਜਾ ਕੇ ਦਮ ਤੋੜਿਆ। ਫ਼ੈਡਰਲ ਹਵਾਈ ਪ੍ਰਸ਼ਾਸਨ ਨੇ ਦੱਸਿਆ ਕਿ ਕਈ ਰੰਗਾਂ ਵਾਲਾ ਗੁਬਾਰਾ ਬਿਜਲੀ ਦੀਆਂ ਤਾਰਾਂ ਦੇ ਉਪਰ ਪਹੁੰਚ ਗਿਆ ਸੀ। ਤਾਰਾਂ ਦੀ ਲਪੇਟ ਵਿੱਚ ਆਉਣ ਬਾਅਦ ਉਸ ਵਿੱਚ ਅੱਗ ਲੱਗ ਗਈ ਅਤੇ ਇਹ 30 ਮੀਟਰ ਥੱਲੇ ਡਿੱਗ ਗਿਆ।
ਸੋਸ਼ਲ ਮੀਡੀਆ ’ਤੇ ਇਸ ਘਟਨਾ ਦੀ ਵਾਇਰਲ ਹੋਈ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਿਸ ਸਥਾਨ ’ਤੇ ਗੁਬਾਰਾ ਡਿੱਗਿਆ, ਉੱਥੇ ਭੀੜ-ਭੜੱਕੇ ਵਾਲਾ ਇਲਾਕਾ ਤੇ ਅਤੇ ਉੱਥੇ ਮੌਜੂਦ ਲੋਕ ਫਾਇਰਬ੍ਰਿਗੇਡ ਵਿਭਾਗ ਨੂੰ ਇਸ ਸਬੰਧੀ ਜਾਣਕਾਰੀ ਦੇ ਰਹੇ ਹਨ। ਗਾਲੇਗੋਸ ਨੇ ਕਿਹਾ ਕਿ ਜੇਕਰ ਹਵਾ ਤੇਜ਼ ਹੋਵੇ ਤਾਂ ਗਰਮ ਹਵਾ ਦੇ ਗੁਬਾਰੇ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਇਸੇ ਦੇ ਚਲਦਿਆਂ ਇਹ ਹਾਦਸਾ ਵਾਪਰਿਆ ਹੈ।