ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਡੈਲਟਾ ਪਲੱਸ ਵੇਰੀਐਂਟ ਕਾਰਨ ਭਾਰਤ ’ਚ ਪਹਿਲੀ ਮੌਤ ਹੋ ਗਈ ਹੈ। ਇਹ ਮੌਤ ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ’ਚ ਹੋਈ ਹੈ। ਇਸ ਸੂਬੇ ਦੇ ਭੋਪਾਲ ਜ਼ਿਲ੍ਹੇ ਵਿੱਚ ਤਿੰਨ ਤੇ ਉਜੈਨ ਜ਼ਿਲ੍ਹੇ ਵਿੱਚ ਡੈਲਟਾ ਪਲੱਸ ਤੋਂ ਪੀੜਤ ਦੋ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ। ਡੈਲਟਾ ਪਲੱਸ ਵੇਰੀਐਂਟ ਕਰਕੇ ਜਾਨ ਗੁਆਉਣ ਵਾਲੀ ਕੋਈ ਮਹਿਲਾ ਮਰੀਜ਼ ਹੈ; ਉਸ ਦਾ ਨਾਂ ਜੱਗ ਜ਼ਾਹਿਰ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਸਿੱਖਾਂ ਲਈ ਬਣਾਈ ਬੁਲੇਟ ਪਰੂਫ਼ ਦਸਤਾਰ
ਉਜੈਨ ਦੇ ਡਾ. ਰੌਨਕ ਨੇ ਦੱਸਿਆ ਕਿ ਹੁਣ ਜਿਸ ਔਰਤ ਦਾ ਦਿਹਾਂਤ ਹੋਇਆ ਹੈ, ਪਹਿਲਾਂ ਉਸ ਦਾ ਪਤੀ ਕੋਵਿਡ-19 ਦੀ ਲਾਗ ਤੋਂ ਪੀੜਤ ਹੋਇਆ ਸੀ। ਪਤੀ ਦੇ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਸਨ ਤੇ ਔਰਤ ਨੇ ਹਾਲੇ ਕੋਵਿਡ-19 ਦੀ ਰੋਕਥਾਮ ਲਈ ਕੋਈ ਟੀਕਾ ਨਹੀਂ ਲਵਾਇਆ ਸੀ। ਇਸ ਮੌਤ ਤੋਂ ਬਾਅਦ ਸੂਬਾ ਸਰਕਾਰ ਨੇ ਦੇਸ਼ ਭਰ ਦੇ ਹਸਪਤਾਲਾਂ ਨੂੰ ਅਲਰਟ ਕਰ ਦਿੱਤਾ ਹੈ। ਰਾਜ ਵਿੱਚ ਵੱਡੇ ਪੱਧਰ ਉੱਤੇ ਟੈਸਟਿੰਗ ਅਤੇ ਜੀਨੋਮ ਸੀਕੁਐਂਸਿੰਗ ਚੱਲ ਰਹੀ ਹੈ। ਮੱਧ ਪ੍ਰਦੇਸ਼ ਦੇ ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਦੱਸਿਆ ਕਿ ਰਾਜ ਵਿੱਚ ਜਿਹੜੇ ਪੰਜ ਮਰੀਜ਼ਾਂ ਦੇ ਸੈਂਪਲ ਡੈਲਟਾ ਪਲੱਸ ਵੇਰੀਐਂਟ ਤੋਂ ਪੀੜਤ ਪਾਏ ਗਏ ਸਨ, ਉਨ੍ਹਾਂ ਵਿੱਚੋਂ ਚਾਰ ਦੇ ਵੈਕਸੀਨ ਲੱਗ ਚੁੱਕੀ ਹੈ। ਉਹ ਸਾਰੇ ਚਾਰ ਜਣੇ ਹੁਣ ਤੰਦਰੁਸਤ ਹਨ। ਸਿਰਫ਼ ਇਸ ਮਹਿਲਾ ਨੇ ਹੀ ਹਾਲੇ ਕੋਈ ਟੀਕਾ ਨਹੀਂ ਲਵਾਇਆ ਸੀ।
ਇਹ ਵੀ ਪੜ੍ਹੋ : ਜਾਣੋ ਕਿਥੇ ਪੁਜਿਆ ਹੈ ਮਾਨਸੂਨ