ਟੋਰਾਂਟੋ : ਪਫ਼ੈਫ਼ ਹਾਰਲੇ ਡੇਵਿਡਸਨ ਨਾਂ ਦੀ ਮੋਟਰ ਸਾਈਕਲ ਤਿਆਰ ਕਰਨ ਵਾਲੀ ਕੰਪਨੀ ਨੇ ਇਕ ਬੁਲੇਟ ਪਰੂਫ਼ 'ਟਫ਼' ਦਸਤਾਰ ਖ਼ਾਸ ਤੌਰ 'ਤੇ ਕੈਨੇਡਾ ਦੇ ਸਿੱਖ ਦੋ-ਪਹੀਆ ਚਾਲਕਾਂ ਲਈ ਤਿਆਰ ਕੀਤਾ ਹੈ। ਹੁਣ ਇਸ ਦੀ ਸਪਲਾਈ ਪੂਰੀ ਦੁਨੀਆ ਵਿੱਚ ਕੀਤੀ ਜਾਵੇਗੀ। ਇਥੇ ਦਸ ਦਈਏ ਕਿ ਕੈਨੇਡਾ ਦੇ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਮੈਨੀਟੋਬਾ ਜਿਹੇ ਸੂਬਿਆਂ ਵਿੱਚ ਸਿੱਖ ਡਰਾਇਵਰਾਂ ਨੂੰ ਦਸਤਾਰ ਸਜਾ ਕੇ ਭਾਵ ਬਿਨਾ ਹੈਲਮੈਟ ਦੇ ਮੋਟਰਸਾਈਕਲ ਚਲਾਉਣ ਦੀ ਆਜ਼ਾਦੀ ਹੈ ਪਰ ਹੋਰਨਾਂ ਰਾਜਾਂ ਵਿੱਚ ਅਜਿਹਾ ਨਹੀਂ ਹੈ। ਹੁਣ ਨਵੀਂ 'ਟਫ਼ ਟਰਬਨ' ਦੇ ਆਉਣ ਨਾਲ ਸਮੁੱਚੇ ਕੈਨੇਡਾ ਵਿੱਚ ਦਸਤਾਰਧਾਰੀ ਸਿੱਖਾਂ ਨੂੰ ਬਿਨਾ ਹੈਲਮੈਟ ਦੇ ਬਾਈਕਸ ਚਲਾਉਣ ਦੀ ਇਜਾਜ਼ਤ ਮਿਲ ਜਾਵੇਗੀ। ਇਸ ਸਬੰਧੀ ਜਾਣਕਾਰੀ ਹਾਰਲੇ ਡੇਵਿਡਸਨ ਦੇ ਬ੍ਰਾਂਡ ਮਾਰਕਿਟਿੰਗ ਮਾਹਿਰ ਬ੍ਰੈਂਡਨ ਡਰਮੈਨ ਨੇ ਦਿੱਤੀ। ਇਹ ਟਫ਼' ਦਸਤਾਰ (Tough Turban) ਕਿਸੇ ਸੰਭਾਵੀ ਹਾਦਸੇ ਦੌਰਾਨ ਚਾਲਕ ਨੂੰ ਸੱਟ ਨਹੀਂ ਲੱਗਣ ਦੇਵੇਗੀ ਕਿਉਂਕਿ ਇਸ ਨੂੰ ਸਖ਼ਤ ਧਾਤ ਦੀਆਂ ਜਾਲੀਆਂ ਨਾਲ ਤਿਆਰ ਕੀਤਾ ਗਿਆ ਹੈ। ਵੇਖਣ ਨੂੰ ਕਿਸੇ ਨੂੰ ਵੀ ਇਹ ਆਮ ਦਸਤਾਰ ਵਰਗੀ ਜਾਪੇਗੀ ਪਰ ਇਹ ਵੱਡੇ ਤੋਂ ਵੱਡਾ ਝਟਕਾ ਤੇ ਧੱਕਾ ਝੱਲਣ ਦੇ ਸਮਰੱਥ ਹੋਵੇਗੀ। ਦਰਅਸਲ, ਅਜਿਹੀ ਨਿਵੇਕਲੀ ਦਸਤਾਰ ਤਿਆਰ ਕਰਨ ਪਿੱਛੇ ਡੈਨ ਕਮਿੰਗਜ਼ ਦੀ ਜ਼ੁਲੂ ਟੀਮ ਤੇ ਵਿਕ ਬਾਠ ਪ੍ਰਵਾਸੀ ਪੰਜਾਬੀ ਦਾ ਦਿਮਾਗ਼ ਹੈ। Tough Turban ਭਾਵ ਟਫ਼ ਦਸਤਾਰ ਨੂੰ 3ਡੀ-ਪ੍ਰਿੰਟੇਡ ਚੇਨਮੇਲ ਅਤੇ ਅਜਿਹੇ ਕੰਪੋਜ਼ਿਟ ਫ਼ੈਬਰਿਕ ਨਾਲ ਤਿਆਰ ਕੀਤਾ ਗਿਆ ਹੈ, ਜਿਸ ਦੀ ਵਰਤੋਂ ਬੁਲੇਟ ਪਰੂਫ਼ ਕੱਪੜਿਆਂ ਵਿੱਚ ਹੁੰਦੀ ਹੈ। ਇਸ ਦਾ ਪੂਰਾ ਡਿਜ਼ਾਇਨ ਔਨਲਾਈਨ ਕਰ ਦਿੱਤਾ ਗਿਆ ਹੈ, ਤਾਂ ਜੋ ਦੁਨੀਆ ਵਿੱਚ ਕੋਈ ਵੀ ਅਜਿਹੀ ਸੁਰੱਖਿਆਤਮਕ ਦਸਤਾਰ ਤਿਆਰ ਕਰ ਸਕੇ।
ਕੰਪਨੀ ਮੁਤਾਬਕ ਇਹ ਵਿਸ਼ੇਸ਼ ਦਸਤਾਰ ਸਿੱਖ ਸਲਾਹਕਾਰਾਂ ਦੇ ਮਸ਼ਵਰੇ ਨਾਲ ਹੀ ਤਿਆਰ ਕੀਤੀ ਗਈ ਹੈ। ਇਹ ਵੇਖਣ ਨੂੰ ਰਵਾਇਤੀ ਦਸਤਾਰ ਵਰਗੀ ਹੀ ਹੋਵੇਗੀ ਪਰ ਅੰਦਰੋਂ ਬਹੁਤ ਮਜ਼ਬੂਤ ਰਹੇਗੀ। ਹਾਲੇ ਇਸ ਨੂੰ ਹੋਰ ਵਿਕਸਤ ਕੀਤਾ ਜਾ ਰਿਹਾ ਹੈ। 'ਸਿੱਖ ਮੋਟਰਸਾਈਕਲ ਕਲੱਬ ਆਫ਼ ਓਂਟਾਰੀਓ' ਇਸ ਦੀ ਟੈਸਟਿੰਗ (ਪਰਖ) ਤੇ ਇਸ ਦਾ ਡਿਜ਼ਾਇਨ ਸੁਧਾਰਨ ਵਿੱਚ ਮਦਦ ਕਰ ਰਿਹਾ ਹੈ।
ਹੋਰ ਖਾਸ ਖ਼ਬਰਾਂ ਲਈ ਇਥੇ ਕਲਿਕ ਕਰੋ