ਨਵੀਂ ਦਿੱਲੀ : ਸਾਈਬਰ ਕਰਾਈਮ ਨੂੰ ਰੋਕਣ ਲਈ ਸਰਕਾਰ ਨੇ ਇਕ ਅਹਿਮ ਕਦਮ ਚੁੱਕਦਿਆਂ ਰਾਸ਼ਟਰੀ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਜਿਸ ਦਾ ਸੂਬਿਆਂ 'ਚ ਸਥਾਨਕ ਪੁਲਿਸ ਹੀ ਇਸ ਦਾ ਸੰਚਾਲਨ ਕਰੇਗੀ। ਇਸ ਨਾਲ ਸਬੰਧਤ ਸੂਬਿਆਂ 'ਚ ਸਥਾਨਕ ਭਾਸ਼ਾਵਾਂ 'ਚ ਲੋਕ ਆਸਾਨੀ ਨਾਲ ਠੱਗੀ ਦੀ ਸ਼ਿਕਾਇਤ ਕਰ ਸਕਣਗੇ। ਗ੍ਰਹਿ ਮੰਤਰਾਲੇ ਅਨੁਸਾਰ ਲਗਪਗ ਸਾਰੇ ਸੂਬੇ ਇਸ ਹੈਲਪਲਾਈਨ ਨੰਬਰ ਨੂੰ ਚਾਲੂ ਕਰਨ ਲਈ ਤਿਆਰ ਹੋ ਗਏ ਹਨ ਤੇ ਜਲਦ ਹੀ ਇਹ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਹੁਣ ਸਰਕਾਰ ਤੁਹਾਡੀ ਮਿਹਨਤ ਦੀ ਕਮਾਈ ਵਾਪਸ ਦਿਵਾਉਣ 'ਚ ਮਦਦ ਕਰੇਗੀ। ਅਸਲ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਕੌਮੀ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੈ। ਸਾਈਬਰ ਕ੍ਰਾਈਮ ਦਾ ਸ਼ਿਕਾਰ ਕੋਈ ਵੀ ਸ਼ਖਸ ਹੈਲਪਲਾਈਨ ਨੰਬਰ 155260 'ਤੇ ਸ਼ਿਕਾਇਤ ਕਰ ਸਕਦਾ ਹੈ। ਇਸ ਤੋਂ ਬਾਅਦ ਸੰਬੰਧਤ ਏਜੰਸੀਆਂ ਪੈਸਾ ਲੱਭਣ ਦਾ ਕੰਮ ਕਰਨਗੀਆਂ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸ਼ਿਕਾਇਤ ਮਿਲਣ 'ਤੇ ਤੁਰੰਤ ਵਿਸਤਾਰਤ ਜਾਣਕਾਰੀ ਉਸ ਬੈਂਕ ਜਾਂ ਵਾਲੇਟ ਕੋਲ ਭੇਜ ਦਿੱਤੀ ਜਾਵੇਗੀ। ਜਿਸ ਬੈਂਕ 'ਚ ਠੱਗੀ ਦਾ ਪੈਸਾ ਗਿਆ ਹੁੰਦਾ ਹੈ। ਬੈਂਕ ਦੇ ਸਿਸਟਮ 'ਚ ਇਹ ਜਾਣਕਾਰੀ ਫਲੈਸ਼ ਕਰਨ ਲੱਗੇਗੀ। ਜੇਕਰ ਪੈਸੇ ਸੰਬੰਧਤ ਬੈਂਕ ਜਾਂ ਵਾਲੇਟ ਕੋਲ ਹੀ ਹਨ ਤਾਂ ਉਹ ਉਸ ਨੂੰ ਤੁਰੰਤ ਫਰੀਜ਼ ਕਰ ਦੇਵੇਗਾ। ਜੇਕਰ ਰਕਮ ਕਿਸੇ ਹੋਰ ਬੈਂਕ ਜਾਂ ਵਾਲੇਟ 'ਚ ਚਲੀ ਗਈ ਹੈ ਤਾਂ ਉਹ ਉਸ ਨੂੰ ਭੇਜ ਦੇਵੇਗਾ। ਇਹ ਪ੍ਰੋਸੈੱਸ ਉਦੋਂ ਤਕ ਚੱਲਦਾ ਰਹੇਗਾ, ਜਦੋਂ ਤਕ ਰਕਮ ਦੀ ਪਛਾਣ ਕਰ ਕੇ ਉਸ ਨੂੰ ਫਰੀਜ਼ ਨਹੀਂ ਕਰ ਦਿੱਤਾ ਜਾਂਦਾ।
ਉੱਥੇ ਹੀ ਸ਼ਿਕਾਇਤਕਰਤਾ ਨੂੰ ਐੱਸਐੱਮਐੱਸ (SMS) ਰਾਹੀਂ ਸ਼ਿਕਾਇਤ ਦਰਜ ਕੀਤੇ ਜਾਣ ਦੀ ਸੂਚਨਾ ਤੇ ਇਸ ਦਾ ਇਕ ਨੰਬਰ ਦਿੱਤਾ ਜਾਵੇਗਾ। 24 ਘੰਟੇ ਦੇ ਅੰਦਰ ਨੈਸ਼ਨਲ ਸਾਈਬਰਕ੍ਰਾਈਮ ਰਿਪੋਰਟਿੰਗ ਪੋਰਟਲ 'ਤੇ ਠੱਗੀ ਦੀ ਵਿਸਤਾਰਤ ਜਾਣਕਾਰੀ ਦੇਣ ਦਾ ਨਿਰਦੇਸ਼ ਦਿੱਤਾ ਜਾਵੇਗਾ। ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਈਬਰ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਉਨ੍ਹਾਂ ਦੀ ਰਕਮ ਵਾਪਸ ਕਰਵਾਉਣ 'ਚ ਇਹ ਹੈਲਪਲਾਈਨ ਨੰਬਰ ਕਾਫੀ ਸਫਲ ਸਾਬਿਤ ਹੋਇਆ ਹੈ। ਇਕ ਅਪ੍ਰੈਲ ਨੂੰ ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ, ਉੱਤਰਾਖੰਡ ਤੇ ਛੱਤੀਸਗੜ੍ਹ 'ਚ ਸਾਫਟ ਲਾਂਚ ਕੀਤਾ ਗਿਆ ਸੀ। ਦੋ ਮਹੀਨੇ ਦੇ ਵਕਫ਼ੇ 'ਚ ਹੈਲਪਲਾਈਨ ਦੀ ਮਦਦ ਨਾਲ ਠੱਗੀ ਦੇ 1.85 ਕਰੋੜ ਰੁਪਏ ਵਾਪਸ ਦਿਵਾਉਣ 'ਚ ਸਫਲਤਾ ਮਿਲੀ ਹੈ। ਇਨ੍ਹਾਂ ਵਿਚ ਦਿੱਲੀ 'ਚ 58 ਲੱਖ ਤੇ ਰਾਜਸਥਾਨ 'ਚ 52 ਲੱਖ ਰੁਪਏ ਵਾਪਸ ਕਰਵਾਏ ਗਏ ਹਨ।