ਮੁੰਬਈ : ਬੰਬੇ ਹਾਈ ਕੋਰਟ ਨੇ ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਕੋਰੋਨਾ ਵਾਇਰਸ ਦਵਾਈਆਂ ਦੀ ਸਪਲਾਈ ਦੇ ਸਬੰਧ ਵਿੱਚ ਜਾਂਚ ਦੇ ਆਦੇਸ਼ ਦਿੱਤੇ ਹਨ। ਇਹ ਨਿਰਦੇਸ਼ ਮਹਾਰਾਸ਼ਟਰ ਸਰਕਾਰ ਨੂੰ ਦਿੱਤੇ ਗਏ ਹਨ। ਸੋਨੂੰ ਸੂਦ ਦੇ ਨਾਲ, ਅਦਾਲਤ ਨੇ ਕਾਂਗਰਸ ਦੇ ਵਿਧਾਇਕ ਜ਼ੀਸ਼ਨ ਸਿਦਿਕੀ ਦੀ ਭੂਮਿਕਾ ਦੀ ਵੀ ਜਾਂਚ ਕਰਨ ਲਈ ਕਿਹਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਇੱਕ ਕਿਸਮ ਦੇ ਮਸੀਹੇ ਵੱਜੋਂ ਦਿਖਾਇਆ ਸੀ ਅਤੇ ਇਸ ਗੱਲ ਦੀ ਕੋਈ ਜਾਂਚ ਨਹੀਂ ਹੋ ਸਕੀ ਕਿ ਦਵਾਈਆਂ ਨਕਲੀ ਤਾਂ ਨਹੀਂ ਸਨ ਅਤੇ ਸਪਲਾਈ ਜਾਇਜ਼ ਸੀ ਜਾਂ ਨਹੀਂ।
ਦੱਸ ਦੇਈਏ ਕਿ ਜਦੋਂ ਕੋਰੋਨਾ ਪੀਕ 'ਤੇ ਸੀ, ਉਸ ਸਮੇ ਸੋਨੂੰ ਸੂਦ ਨੇ ਲੋਕਾਂ ਦੀ ਬਹੁਤ ਮਦਦ ਕੀਤੀ ਸੀ। ਸੋਨੂੰ ਸੂਦ ਨੇ ਸੋਸ਼ਲ ਮੀਡੀਆ 'ਤੇ ਮਦਦ ਮੰਗਣ ਵਾਲਿਆਂ ਨੂੰ ਕੋਰੋਨਾ ਨਾਲ ਸਬੰਧਤ ਦਵਾਈਆਂ ਮੁਹੱਈਆ ਕਰਵਾਈਆਂ ਸਨ। ਸੋਨੂੰ ਸੂਦ ਨੇ ਲੋਕਾਂ ਨੂੰ ਵੱਡੀ ਮਾਤਰਾ ਵਿੱਚ Remdesivir ਟੀਕੇ ਅਤੇ ਆਕਸੀਜਨ ਸਿਲੰਡਰ ਦਿੱਤੇ ਸਨ। ਇਸ ਸਬੰਧ ਵਿੱਚ, ਬੰਬੇ ਹਾਈ ਕੋਰਟ ਦੇ ਜਸਟਿਸ ਐਸ ਪੀ ਦੇਸ਼ਮੁਖ ਅਤੇ ਜਸਟਿਸ ਜੀ ਐਸ ਕੁਲਕਰਨੀ ਦੀ ਬੈਂਚ ਨੂੰ ਐਡਵੋਕੇਟ ਜਨਰਲ ਆਸ਼ੂਤੋਸ਼ ਕੁੰਭਕੋਨੀ ਨੇ ਦੱਸਿਆ ਸੀ ਕਿ ਮਹਾਰਾਸ਼ਟਰ ਸਰਕਾਰ ਨੇ ਚੈਰੀਟੇਬਲ ਟਰੱਸਟ ਬੀਡੀਆਰ ਫਾਉਂਡੇਸ਼ਨ ਅਤੇ ਇਸਦੇ ਟਰੱਸਟੀਆਂ ਦੇ ਖਿਲਾਫ ਸਿਦਿਕੀ ਨੂੰ Remdesivir ਦਵਾਈ ਸਪਲਾਈ ਕਰਨ ਦੇ ਮਾਮਲੇ ਵਿੱਚ ਮਜੈਗਨ ਮੈਟਰੋਪੋਲੀਟਨ ਕੋਰਟ ਵਿੱਚ ਇੱਕ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਬੈਂਚ ਨੇ ਮਹਾਰਾਸ਼ਟਰ ਸਰਕਾਰ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਕੁੰਭਕੋਨੀ ਨੇ ਕਿਹਾ ਕਿ ਸਿਦਿਕੀ ਸਿਰਫ ਉਨ੍ਹਾਂ ਨਾਗਰਿਕਾਂ ਨੂੰ ਦਵਾਈਆਂ ਦੇ ਰਹੇ ਸਨ ਜੋ ਉਨ੍ਹਾਂ ਨਾਲ ਸੰਪਰਕ ਕਰ ਰਹੇ ਸਨ, ਇਸ ਲਈ ਹੁਣ ਤੱਕ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੋਨੂੰ ਸੂਦ ਨੇ ਗਰੇਗਾਓਂ ਦੇ ਲਾਈਫਲਾਈਨ ਕੇਅਰ ਹਸਪਤਾਲ ਵਿਖੇ ਸਥਿਤ ਕਈ ਦਵਾਈਆਂ ਦੀਆਂ ਦੁਕਾਨਾਂ ਤੋਂ ਦਵਾਈਆਂ ਪ੍ਰਾਪਤ ਕੀਤੀਆਂ ਸਨ। ਫਾਰਮਾ ਕੰਪਨੀ ਸਿਪਲਾ ਨੇ ਇਨ੍ਹਾਂ ਫਾਰਮੇਸੀਆਂ ਨੂੰ Remdesivir ਸਪਲਾਈ ਕੀਤੀ ਸੀ ਅਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਹ ਹਾਈ ਕੋਰਟ ਦੇ ਪਿਛਲੇ ਆਦੇਸ਼ਾਂ ਦਾ ਜਵਾਬ ਦੇ ਰਹੇ ਸੀ, ਜੋ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਲੋੜੀਂਦੀਆਂ ਦਵਾਈਆਂ ਅਤੇ ਸਰੋਤਾਂ ਦੇ ਪ੍ਰਬੰਧਨ ਨਾਲ ਜੁੜੇ ਕਈ ਮੁੱਦਿਆਂ 'ਤੇ ਜਨਹਿੱਤ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਸੁਣਾਏ ਗਏ ਸਨ।