ਫਿਰੋਜ਼ਪੁਰ : ਪਿੰਡ ਭੰਬਾ ਲੰਡਾ ਵਿਖੇ ਜ਼ਮੀਨ ਆਪਣੇ ਨਾਂ ਕਰਵਾਉਣ ਲਈ ਕਲਯੁੱਗੀ ਪੁੱਤਰ ਇਸ ਹੱਦ ਤਕ ਅੱਪੜ ਗਿਆ ਕਿ ਉਸ ਨੇ ਆਪਣੇ ਪੁੱਤਰਾਂ ਨਾਲ ਮਿਲ ਕੇ ਆਪਣੇ ਹੀ ਬਜ਼ੁਰਗ ਪਿਓ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਘੱਲਖੁਰਦ ਦੀ ਪੁਲਿਸ ਨੇ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਦੇਵ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਭੰਬਾ ਲੰਡਾ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਬਚਿੱਤਰ ਸਿੰਘ ਤੇ ਗੁਰਵੀਰ ਸਿੰਘ ਹਨ ਤੇ ਦੋਵੇਂ ਹੀ ਸ਼ਾਦੀਸ਼ੁਦਾ ਹਨ। ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਲੜਕੇ ਬਚਿੱਤਰ ਸਿੰਘ ਦੇ ਪਰਿਵਾਰ ਨਾਲ ਕਰੀਬ 12-13 ਸਾਲ ਤੋਂ ਰਹਿ ਰਿਹਾ ਹੈ ਤੇ ਉਸ ਦਾ ਲੜਕਾ ਗੁਰਵੀਰ ਸਿੰਘ ਦਾ ਪਰਿਵਾਰ ਉਸ ਨੂੰ ਕਹਿੰਦਾ ਹੈ ਕਿ ਤੂੰ ਆਪਣੇ ਹਿੱਸੇ ਆਉਂਦੀ ਜ਼ਮੀਨ ਸਾਡੇ ਨਾਂ ਲਵਾ ਦੇ ਜੋ ਉਸ ਵੱਲੋਂ ਮਨਾ ਕਰਨ 'ਤੇ ਉਸ ਦੇ ਲੜਕੇ ਗੁਰਵੀਰ ਸਿੰਘ, ਪਰਵਿੰਦਰ ਸਿੰਘ ਪੁੱਤਰ ਗੁਰਵੀਰ ਸਿੰਘ, ਗੁਰਬਿੰਦਰ ਸਿੰਘ ਪੁੱਤਰ ਗੁਰਵੀਰ ਸਿੰਘ ਅਤੇ ਹਰਜਿੰਦਰ ਸਿੰਘ ਪਤਨੀ ਗੁਰਵੀਰ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ। ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਧਰਮਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।