ਬਠਿੰਡਾ : ਜ਼ਿਲ੍ਹੇ ਦੇ ਪਿੰਡ ਚਾਉਕੇ ਦੇ 27 ਸਾਲਾ ਕਬੱਡੀ ਖ਼ਿਡਾਰੀ ਹਰਵਿੰਦਰ ਸਿੰਘ ਦੇ ਕਤਲੇ ਦੇ ਮਾਮਲੇ ਵਿੱਚ ਹੋਈ ਅਣਗਹਿਲੀ ਦਾ ਨੋਟਿਸ ਲੈਂਦਿਆਂ ਬਠਿੰਡਾ ਦੇ ਐਸ.ਐਸ.ਪੀ.ਸ: ਭੁਪਿੰਦਰਜੀਤ ਸਿੰਘ ਵਿਰਕ ਨੇ ਚੌਂਕੀ ਦੇ ਸਬ-ਇੰਸਪੈਕਟਰ ਸਣੇ ਸਾਰੇ ਸਟਾਫ਼ ਦੇ ਤਬਾਦਲੇ ਦਾ ਹੁਕਮ ਦਿੱਤਾ ਹੈ।
ਇਸ ਤੋਂ ਇਲਾਵਾ ਐਸ.ਐਸ.ਪੀ. ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਕਤਲ ਡਰੱਗਜ਼ ਨਾਲ ਜੁੜੇ ਕਿਸੇ ਵਿਵਾਦ ਦਾ ਨਤੀਜਾ ਨਾ ਹੋ ਕੇ ਮੁਰਗਾ ਚੋਰੀ ਦੇ ਇਕ ਮਾਮਲੇ ਨਾਲ ਜੁੜਿਆ ਹੋਇਆ ਹੈ।
ਉਹਨਾਂ ਦੱਸਿਆ ਕਿ 26 ਮਈ ਨੂੰ ਜਿਸ ਦਿਨ ਕੁੱਟਮਾਰ ਦੀ ਘਟਨਾ ਵਾਪਰੀ ਉਸ ਦਿਨ ਹੀ ਹਰਵਿੰਦਰ ਸਿੰਘ ਦੇ ਰਿਸ਼ਤੇਦਾਰ ਲੱਖਾ ਸਿੰਘ ਵੱਲੋਂ ਮੁਰਗਾ ਚੋਰੀ ਸੰਬੰਧੀ ਇਕ ਸ਼ਿਕਾਇਤ ਚੌਂਕੀ ਵਿੱਚ ਦਿੱਤੀ ਗਈ ਸੀ ਪਰ ਸਟਾਫ਼ ਕਿਤੇ ਹੋਰ ਰੁੱਝਾ ਹੋਣ ਕਾਰਨ ਇਕ ਹੌਲਦਾਰ ਨੇ ਗੱਲ ਸੁਣ ਕੇ ਦੋਹਾਂ ਧਿਰਾਂ ਨੂੰ ਵਾਪਸ ਭੇਜ ਦਿੱਤਾ ਸੀ ਪਰ ਬਾਅਦ ਵਿੱਚ ਦੋਵੇਂ ਧਿਰਾਂ ਆਪਸ ਵਿੱਚ ਭਿੜ ਪਈਆਂ।
ਐਸ.ਐਸ.ਪੀ. ਨੇ ਦੱਸਿਆ ਕਿ ਹਰਵਿੰਦਰ ਸਿੰਘ ਨੇ ਆਪਣੇ ਬਿਆਨਾਂ ਵਿੱਚ ਵੀ ਮੁਰਗਾ ਚੋਰੀ ਦੇ ਮਾਮਲੇ ਦਾ ਹੀ ਜ਼ਿਕਰ ਕੀਤਾ ਸੀ ਅਤੇ ਦੱਸਿਆ ਸੀ ਕਿ ਦੋਸ਼ੀ ਇਸੇ ਕਰਕੇ ਉਨ੍ਹਾਂ ਨਾਲ ਖ਼ਾਰ ਖ਼ਾਂਦੇ ਸਨ।
ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਦੀ ਬੇਤਹਾਸ਼ਾ ਕੁੱਟਮਾਰ ਸੰਬੰਧੀ ਵੀਡੀਓ ਵਾਇਰਲ ਹੋਇਆ ਸੀ। ਉਸਦੀ ਹਾਲਤ ਖ਼ਰਾਬ ਹੋਣ ਕਾਰਨ ਉਸਨੂੰ ਡੀ.ਐਮ.ਸੀ.ਲੁਧਿਆਣਾ ਵਿਖ਼ੇ ਦਾਖ਼ਲ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਬੁੱਧਵਾਰ ਨੂੰ ਉਸਨੇ ਦਮ ਤੋੜ ਦਿੱਤਾ। ਹੁਣ ਵੀਰਵਾਰ ਤੋਂ ਪਰਿਵਾਰ ਹਰਵਿੰਦਰ ਸਿੰਘ ਦੀ ਲਾਸ਼ ਰੱਖ ਕੇ ਧਰਨਾ ਲਾਈ ਬੈਠਾ ਹੈ।
ਐਸ.ਐਸ.ਪੀ.ਅਨੁਸਾਰ ਹਰਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਮਾਮਲੇ ਵਿੱਚ ਧਾਰਾ 302 ਜੋੜ ਦਿੱਤੀ ਗਈ ਹੈ ਅਤੇ ਇਸ ਮਾਮਲੇ ਵਿੱਚ 13 ਲੋਕਾਂ ਦੇ ਖਿਲਾਫ਼ ਪਰਚਾ ਦਰਜ ਹੈ ਜਿਸ ਵਿੱਚੋਂ 8 ਫ਼ੜੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਐਸ.ਪੀ.ਇਨਵੈਸਟੀਗੇਸ਼ਨ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।