ਤਾਈਪੇ : ਕੋਰੋਨਾ ਦੀ ਮਾਰ ਝੱਲ ਰਹੇ ਤਾਈਵਾਨ ਨੂੰ ਜਾਪਾਨ ਨੇ ਆਸਰਾ ਦਿਤਾ ਹੈ। ਮਿਲੀ ਜਾਣਕਾਰੀ ਮੁਤਾਬਕ ਜਾਪਾਨ ਤੋਂ ਐਸਟ੍ਰਾਜ਼ੇਨੇਕਾ ਟੀਕੇ ਦੀਆਂ 12.4 ਲੱਖ ਖ਼ੁਰਾਕਾਂ ਲੈ ਕੇ ਇਕ ਜਹਾਜ਼ ਸ਼ੁਕਰਵਾਰ ਨੂੰ ਤਾਈਵਾਨ ਦੇ ਤਾਓਯੁਆਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜਾ। ਤਾਈਵਾਨ ਵਿਚ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਸਭ ਤੋਂ ਬੁਰੇ ਹਾਲਾਤ ਨਾਲ ਲੜਨ ਲਈ ਇਹ ਮਦਦ ਭੇਜੀ ਗਈ ਹੈ। ਖ਼ੁਦਮੁਖਤਿਆਰ ਟਾਪੂ ਤਾਈਵਾਨ ਆਪਣੇ ਖ਼ੁਦ ਦੇ ਟੀਕੇ ਪਾਉਣ ਲਈ ਸੰਘਰਸ਼ ਕਰ ਰਿਹਾ ਹੈ ਅਤੇ ਇਸ ਬਾਬਤ ਇਕ ਸੌਦੇ ਵਿਚ ਦਖ਼ਲਅੰਦਾਜ਼ੀ ਕਰਨ ਲਈ ਚੀਨ ਨੂੰ ਜ਼ਿੰਮੇਦਾਰ ਠਹਿਰਾ ਰਿਹਾ ਹੈ ਪਰ ਹੁਣ ਜਾਪਾਨ ਦੀ ਮਦਦ ਨਾਲ ਤਾਈਵਾਨ ਨੇ ਆਪਣੀ ਟੀਕਾ ਸਪਲਾਈ ਨੂੰ ਦੁੱਗਣਾ ਕੀਤਾ ਹੈ।
ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ਿਮਿਤਸੂ ਮੋਤੇਗੀ ਨੇ ਸ਼ੁਕਰਵਾਰ ਸਵੇਰੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਦਾਨ ਤਾਈਵਾਨ ਨਾਲ ਜਾਪਾਨ ਦੀ ਮਹੱਤਵਪੂਰਨ ਸਾਂਝੇਦਾਰੀ ਅਤੇ ਦੋਸਤੀ ਨੂੰ ਦਰਸਾਉਂਦਾ ਹੈ। ਤਾਈਵਾਨ ਦੇ ਵਿਦੇਸ਼ ਮੰਤਰੀ ਜੋਸਫ ਵੂ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਟੀਕਿਆਂ ਅਤੇ ਮਹਾਮਾਰੀ ਸਬੰਧੀ ਹੋਰ ਸਹਾਇਤਾ ਮੁਹੱਈਆ ਕਰਾਉਣ ਦੀ ਏਵਜ਼ ਵਿਚ ਵਿਦੇਸ਼ ਵਿਚ ਰਾਜਨੀਤਕ ਫ਼ਾਇਦਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੂ ਨੇ ਚੀਨ ’ਤੇ ਤਾਈਵਾਨ ਦੇ ਦੋਸਤ ਦੇਸ਼ ਪਰਾਗਵੇ ਨੂੰ ਟੀਕਿਆਂ ਦਾ ਲਾਲਚ ਦੇ ਕੇ ਉਸ ’ਤੇ ਤਾਈਵਾਨ ਨਾਲ ਕੂਟਨੀਤਕ ਸਬੰਧਾਂ ਨੂੰ ਤੋੜਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਦਾਆਵਾ ਕੀਤਾ ਕਿ ਚੀਨ ਨੇ ਤਾਈਵਾਨ ਦਾ ਸੰਪਰਕ ਵਿਸ਼ਵ ਸਿਹਤ ਸੰਗਠਨ ਵਰਗੇ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਕੱਟਿਆ ਹੋਇਆ ਹੈ ਅਤੇ ਕੋਵੈਕਸ ਨਾਲ ਉਸ ਨੂੰ ਮਿਲਣ ਵਾਲੇ ਸਹਿਯੋਗ ਨੂੰ ਵੀ ਰੋਕ ਰੱਖਿਆ ਹੈ।