ਮਹਾਰਾਜਾ ਰਣਜੀਤ ਸਿੰਘ ਵੇਲੇ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਵਿਚਕਾਰ ਮਹੰਤ ਸੰਤੋਖ ਦਾਸ 'ਉਦਾਸੀ' ਦਾ ਬੁੰਗਾ ਸੀ, ਜਿਸ ਦੇ ਬਾਹਰ ਉਸ ਦਾ 'ਉਦਾਸੀ' ਮੱਤ ਦਾ ਝੰਡਾ ਖੜ੍ਹਾ ਹੁੰਦਾ ਸੀ। ਇਕ ਵਾਰ ਇਹ ਝੰਡਾ ਟੁੱਟ ਕੇ ਡਿੱਗ ਪਿਆ। ਉਨ੍ਹੀਂ ਦਿਨੀਂ ਕੰਵਰ ਨੌਨਿਹਾਲ ਸਿੰਘ ਅੰਮ੍ਰਿਤਸਰ ਆਇਆ ਹੋਇਆ ਸੀ। ਉਸ ਨੇ ਝੰਡਾ ਡਿੱਗਾ ਪਿਆ ਵੇਖ ਕੇ ਨਵਾਂ ਪੱਕਾ ਝੰਡਾ ਬਣਵਾ ਦਿੱਤਾ। ਮਗਰੋਂ ਇਸ ਦੇ ਨਾਲ ਇਕ ਹੋਰ ਝੰਡਾ ਖੜਾ ਕਰ ਦਿੱਤਾ ਗਿਆ (ਜਿਸ ਨੂੰ ਕੁਝ ਸਿੱਖ ਮੀਰੀ-ਪੀਰੀ ਦੇ ਦੋ ਨਿਸ਼ਾਨ ਸਾਹਿਬ ਕਹਿਣ ਲਗ ਪਏ)।
ਜਦੋਂ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀ ਮਹੰਤਾਂ (1859-1920) ਦੇ ਹੱਥ ਵਿਚ ਸੀ ਤਾਂ ਉਨ੍ਹਾਂ ਮਹੰਤਾਂ ਨੇ ਝੰਡੇ ਬੁੰਗੇ ਵਾਲੇ ਝੰਡੇ ਦਾ ਰੰਗ, ਉਦਾਸੀਆਂ ਵਾਲਾ ਹੀ ਰਹਿਣ ਦਿੱਤਾ ਸੀ।
ਜਦੋਂ 1920-25 ਵਿਚ ਸਿੱਖਾਂ ਨੇ ਉਦਾਸੀਆਂ ਕੋਲੋਂ ਅਤੇ ਹੋਰਨਾਂ ਮਹੰਤਾਂ ਕੋਲੋਂ ਗੁਰਦੁਆਰਿਆਂ ਦਾ ਕਬਜ਼ਾ ਛੁਡਵਾਇਆ ਤਾਂ ਉਹ ਗੁਰਦੁਆਰਿਆਂ ਵਿਚ ਪ੍ਰਚਲਤ ਕਈ ਅਸਿੱਖ ਕਾਰਵਾਈਆਂ ਨੂੰ ਬੰਦ ਕਰਨਾ ਭੁੱਲ ਗਏ ਸਨ। ਨਿਸ਼ਾਨ ਸਾਹਿਬ ਦਾ ਉਦਾਸੀਆਂ ਵਾਲਾ ਰੰਗ ਇਨ੍ਹਾਂ ਅਸਿੱਖ ਕਾਰਵਾਈਆਂ ਵਿਚੋਂ ਇਕ ਸੀ। ਉਦਾਸੀ ਮਹੰਤਾਂ ਨੇ ਗੁਰਦੁਆਰਿਆਂ 'ਤੇ ਉਦਾਸੀਆਂ ਦੇ ਭਗਵੇ/ਪੀਲੇ ਝੰਡੇ ਲਾਏ ਹੋਏ ਸਨ। ਅਕਾਲੀਆਂ ਨੇ ਉਨ੍ਹਾਂ ਤੋਂ ਗੁਰਦੁਆਰੇ ਤਾਂ ਆਜ਼ਾਦ ਕਰਵਾ ਲਏ ਪਰ ਉਨ੍ਹਾਂ ਦੇ ਝੰਡੇ ਉਤਾਰ ਕੇ ਖਾਲਸਾਈ ਝੰਡੇ ਲਾਉਣਾ ਭੁੱਲ ਗਏ। ਇਸੇ ਕਰ ਕੇ ਬਹੁਤੇ ਗੁਰਦੁਆਰਿਆਂ 'ਤੇ ਅੱਜ ਵੀ ਉਦਾਸੀਆਂ ਦੇ ਪੀਲੇ, ਬਸੰਤੀ, ਭਗਵੇ ਝੰਡੇ ਝੁੱਲ ਰਹੇ ਹਨ, ਪਰ ਨਿਹੰਗਾਂ ਦੀਆਂ ਛਾਉਣੀਆਂ ’ਤੇ ਸਿਰਫ਼ ਸਿੱਖਾਂ ਦੇ ਨਿਸ਼ਾਨ ਸਾਹਿਬ ਝੂਲਦੇ ਹਨ ਕਿਉਂਕਿ ਇਨ੍ਹਾਂ ਛਾਉਣੀਆਂ ਅਤੇ ਉਨ੍ਹਾਂ ਦੇ ਕਬਜ਼ੇ ਹੇਠਲੇ ਗੁਰਦੁਆਰਿਆਂ ’ਤੇ ਉਦਾਸੀਆਂ ਦਾ ਕਬਜ਼ਾ ਨਹੀਂ ਸੀ ਤੇ ਉੱਥੇ ਸਿੱਖੀ ਦਾ ਖਾਲਸ ਰੰਗ ਕਾਇਮ ਰਿਹਾ ਸੀ।
ਹੁਣ ਬੇਸਮਝ ਸਿੱਖਾਂ ਨੇ ਵੀ ਪੀਲੇ/ਭਗਵੇ/ਕੇਸਰੀ ਰੰਗ ਨੂੰ ਜਿਵੇਂ ਕਿ ਸਿੱਖ-ਰੰਗ ਵਜੋਂ ਮਨਜ਼ੂਰ ਕਰ ਲਿਆ ਜਾਪਦਾ ਹੈ ਜੋ ਕਿ ਗ਼ਲਤ ਹੈ। ਨਿਹੰਗ, ਜੋ ਕਿ ਸਿੱਖ ਕੌਮ ਦੇ ਝੰਡਾ ਫੜ ਕੇ ਜੰਗਾਂ ਦੌਰਾਨ ਅੱਗੇ ਚਲਿਆ ਕਰਨ ਵਾਲੇ (ਨਿਸ਼ਾਨਚੀ) ਸਨ, ਉਨ੍ਹਾਂ ਨੇ ਨਿਸ਼ਾਨ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਦਾ ਨੀਲਾ ਰੰਗ ਅਜ ਤਕ ਕਾਇਮ ਰੱਖਿਆ ਹੈ।
ਵਧੇਰੇ ਜਾਣਕਾਰੀ ਵਾਸਤੇ ਵੇਖੋ: ਇਸੇ ਲੇਖਕ ਦੀਆਂ ਕਿਤਾਬਾਂ ਦ ਸਿੱਖ ਕਲਚਰ (ਅੰਗ੍ਰੇਜ਼ੀ), ਅਨੰਦਪੁਰ ਸਾਹਿਬ (ਪੰਜਾਬੀ ਤੇ ਅੰਗ੍ਰੇਜ਼ੀ), ਗਿਆਨੀ ਗਰਜਾ ਸਿੰਘ ਸੰਪਾਦਤ ਸ਼ਹੀਦ ਬਿਲਾਸ, ਪਿਆਰਾ ਸਿੰਘ ਪਦਮ ਸੰਪਾਦਤ ਗੁਰੂ ਕੀਆਂ ਸਾਖੀਆਂ।
--Harjinder Singh Dilgir