ਹਿਊਸਟਨ : ਅਮਰੀਕਾ ਵਿਚ ਇਕ ਨਰਸ ਨੂੰ ਸਿਹਤ ਦੇਖਭਾਲ ਧੋਖਾਧੜੀ ਦੇ ਇਕ ਮਾਮਲੇ ਵਿਚ ਭੂਮਿਕਾ ਲਈ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਅਤੇ 5.2 ਕਰੋੜ ਡਾਲਰ ਤੋਂ ਵੱਧ ਦਾ ਹਰਜ਼ਾਨਾ ਭਰਨ ਦਾ ਆਦੇਸ਼ ਦਿੱਤਾ। ਟੈਕਸਾਸ ਦੇ ਨੌਰਦਰਨ ਡਿਸਟ੍ਰਿਕਟ ਦੇ ਕਾਰਜਕਾਰੀ ਅਮਰੀਕੀ ਅਟਾਰਨੀ ਪ੍ਰੇਰਕ ਸ਼ਾਹ ਨੇ ਦੱਸਿਆ ਕਿ ਤ੍ਰਿਵਿਕਾਰਾਮ ਰੇਡੀ (39) ਨੇ ਅਕਤੂਬਰ 2020 ਵਿਚ ਧੋਖਾਧੜੀ ਕਰਨ ਦੀ ਸਾਜਿਸ਼ ਰਚਣ ਦਾ ਅਪਰਾਧ ਕਬੂਲ ਕਰ ਲਿਆ।
ਉਸ ’ਤੇ ਮੈਡੀਕੇਅਰ ਅਤੇ ਨਿੱਜੀ ਬੀਮਾ ਪ੍ਰਦਾਤਾਵਾਂ ਨੂੰ ਧੋਖਾ ਦੇਣ ਲਈ ਇਕ ਸਾਜਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਹੈ ਅਤੇ ਉਸ ਨੂੰ 25 ਮਈ ਨੂੰ ਸਜ਼ਾ ਸੁਣਾਈ ਗਈ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਨਰਸ ਦੇ ਤੌਰ ’ਤੇ ਕੰਮ ਕਰ ਰਹੇ ਰੇਡੀ ਨੇ ਕਈ ਬੀਮਾ ਕੰਪਨੀਆਂ ਨਾਲ ਧੋਖਾਧੜੀ ਕਰਨ ਲਈ ਇਕ ਸਾਜਿਸ਼ ਰਚੀ।ਵਕੀਲਾਂ ਨੇ ਦੱਸਿਆ ਕਿ ਰੇਡੀ ਨੇ 6 ਡਾਕਟਰਾਂ ਦੇ ਨੰਬਰਾਂ ਦੀ ਵਰਤੋਂ ਕਰ ਕੇ ਮਰੀਜ਼ਾਂ ਦੇ ਫਰਜ਼ੀ ਬਿੱਲ ਬਣਾਏ ਅਤੇ ਇਹ ਦਾਅਵਾ ਕੀਤਾ ਕਿ ਉਕਤ ਡਾਕਟਰ ਇਹਨਾਂ ਮਰੀਜ਼ਾਂ ਦੀ ਇਲਾਜ ਕਰ ਰਹੇ ਹਨ ਜਦਕਿ ਉਹਨਾਂ ਨੇ ਕਦੇ ਉਹਨਾਂ ਦਾ ਇਲਾਜ ਨਹੀਂ ਕੀਤਾ।