ਪੈਰਿਸ: ਫ਼ਰਾਂਸ ਵਿਚ ਇਕ ਪੁਲਿਸ ਸਟੇਸ਼ਨ ਅੰਦਰ ਗੋਲੀਬਾਰੀ ਦੀ ਘਟਨਾ ਵਾਪਰ ਗਈ ਜਿਸ ਵਿਚ ਕਈ ਜਣੇ ਫ਼ੱਟੜ ਹੋ ਗਏ। ਜਾਣਕਾਰੀ ਅਨੁਸਾਰ ਫਰਾਂਸ 'ਚ ਇਕ ਇਸਲਾਮਿਕ ਕੱਟੜਪੰਥੀ ਵਿਅਕਤੀ ਨੇ ਮਹਿਲਾ ਪੁਲਿਸ ਮੁਲਾਜ਼ਮ ਨੂੰ ਥਾਣੇ 'ਚ ਵੜ੍ਹ ਕੇ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰ ਦਿੱਤਾ ਤੇ ਉਸ ਤੋਂ ਬਾਅਦ ਦੋ ਪੁਲਿਸ ਮੁਲਾਜ਼ਮਾਂ ਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜਵਾਬੀ ਗੋਲ਼ੀਬਾਰੀ 'ਚ ਹਮਲਾਵਰ ਵੀ ਮਾਰਿਆ ਗਿਆ। ਮਾਰਿਆ ਗਿਆ ਵਿਅਕਤੀ ਆਪਣੀਆਂ ਨਫ਼ਰਤ ਵਾਲੀਆਂ ਸਰਗਰਮੀਆਂ ਕਾਰਨ ਪੁਲਿਸ ਦੀ ਨਿਗਰਾਨੀ ਸੂਚੀ 'ਚ ਸੀ। ਉਹ ਸਿਜੋਫ੍ਰੇਨੀਆ ਨਾਂ ਦੀ ਦਿਮਾਗੀ ਬਿਮਾਰੀ ਤੋਂ ਪੀੜਤ ਸੀ।
ਗ੍ਰਹਿ ਮੰਤਰੀ ਜੇਰਾਲਡ ਡਰਮੇਨੀਅਨ ਨੇ ਦੱਸਿਆ ਕਿ ਮਾਰਿਆ ਗਿਆ ਹਮਲਾਵਰ 40 ਸਾਲਾ ਫਰਾਂਸੀਸੀ ਨਾਗਰਿਕ ਸੀ। ਉਹ ਹਾਲ ਹੀ 'ਚ ਜੇਲ੍ਹ ਤੋਂ ਰਿਹਾਅ ਹੋਇਆ ਸੀ ਤੇ ਮਾਨਸਿਕ ਬਿਮਾਰੀ ਲਈ ਉਸ ਦਾ ਇਲਾਜ ਚੱਲ ਰਿਹਾ ਸੀ। ਹਮਲੇ 'ਚ ਜ਼ਖ਼ਮੀ ਤਿੰਨਾਂ ਪੁਲਿਸ ਮੁਲਾਜ਼ਮਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਤੇ ਤਿੰਨੇ ਹੀ ਖ਼ਤਰੇ ਤੋਂ ਬਾਹਰ ਹਨ। ਲਾ ਚੈਪੇਲ-ਸਰ-ਐਂਡ੍ਰੇ ਸ਼ਹਿਰ ਦੇ ਉਪ ਨਗਰ ਨਾਂਟੇਸ 'ਚ ਹੋਈ ਇਸ ਘਟਨਾ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਪਰ ਇਸ ਦੇ ਅੱਤਵਾਦੀ ਵਾਰਦਾਤ ਹੋਣ ਤੋਂ ਇਨਕਾਰ ਨਹੀਂ ਕੀਤਾ ਗਿਆ। ਡਰਮੇਨੀਅਨ ਨੇ ਕਿਹਾ ਕਿ ਹਮਲਾਵਰ ਦਾ ਸਪੱਸ਼ਟ ਉਦੇਸ਼ ਪੁਲਿਸ 'ਤੇ ਹਮਲਾ ਕਰਨਾ ਸੀ ਪਰ ਹੁਣ ਤਕ ਦੀ ਜਾਂਚ 'ਚ ਕਿਸੇ ਅੱਤਵਾਦੀ ਸੰਗਠਨ ਨਾਲ ਹਮਲਾਵਰ ਦਾ ਸਬੰਧ ਹੋਣ ਬਾਰੇ ਪਤਾ ਨਹੀਂ ਲੱਗਾ।