ਫਰੀਦਕੋਟ : ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਮੌਕੇ ਦਿੱਲੀ ਵਿਖੇ ਲਾਲ ਕਿਲ੍ਹੇ ’ਤੇ ਹੋਏ ਹੰਗਾਮੇ ਵਾਲੇ ਦੋ ਪੁਲਿਸ ਮਾਮਲਿਆਂ ਦਾ ਸਾਹਮਣਾ ਕਰ ਰਹੇ ਫਿਲਮ ਅਦਾਕਾਰ ਦੀਪ ਸਿੱਧੂ ਉੱਪਰ ਜੈਤੋ ਥਾਣੇ ਵਿਖੇ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਜੈਤੋ ਥਾਣੇ ਵਿਖੇ ਦਰਜ ਹੋਈ ਐੱਫਆਈਆਰ ਬਾਰੇ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਏਐੱਸਆਈ ਗੁਰਦੀਪ ਸਿੰਘ ਮੱਲਣ ਨੇ ਦੱਸਿਆ ਕਿ ਦੀਪ ਸਿੱਧੂ ਆਪਣੇ ਸਾਥੀਆਂ ਸਮੇਤ ਪਿੰਡ ਮੱਤਾ ਅਤੇ ਗੁਰਦੁਆਰਾ ਜੈਤੇਆਣਾ ਸਾਹਿਬ ਜੈਤੋ ਵਿਖੇ ਲੋਕਾਂ ਦੇ ਭਾਰੀ ਇਕੱਠ ਵਿੱਚ ਕੋਰੋਨਾ ਨਿਯਮਾਂ, ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਸੀ।
ਥਾਣਾ ਮੁਖੀ ਇੰਸ. ਰਾਜੇਸ਼ ਕੁਮਾਰ ਦੇ ਸਮਝਾਉਣ ਦੇ ਬਾਵਜੂਦ ਜਦ ਨਾ ਸਮਝਿਆ ਤਾਂ ਦੀਪ ਸਿੱਧੂ ਅਤੇ ਉਸਦੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਪਰਮਿੰਦਰ ਸਿੰਘ ਗਰੇਵਾਲ ਡੀਐੱਸਪੀ ਜੈਤੋ ਮੁਤਾਬਿਕ ਦੀਪ ਸਿੱਧੂ ਤੇ ਉਸਦੇ ਸਾਥੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 188/269 ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੀਪ ਸਿੱਧੂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਉਪਰੰਤ ਉਕਤ ਮਾਮਲੇ ਵਿੱਚ ਹੋਰਨਾ ਦਾ ਨਾਮ ਵੀ ਸ਼ਾਮਲ ਕੀਤਾ ਜਾਵੇਗਾ।