ਇਸਲਾਮਾਬਾਦ : ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਇਕ ਦਿਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਪਾਕਿਸਤਾਨ ’ਚੋਂ ਉਸੇ ਤਰ੍ਹਾਂ ਭੱਜ ਜਾਣਗੇ, ਜਿਸ ਤਰ੍ਹਾਂ ਬਾਕੀ ਨੇਤਾ ਭੱਜ ਗਏ ਹਨ। ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਗਾਤਾਰ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਹਨ। ਜ਼ਾਹਿਰ ਹੈ ਕਿ ਜ਼ਰਦਾਰੀ ਦਾ ਇਸ਼ਾਰਾ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼, ਸਾਬਕਾ ਪ੍ਰਧਾਨ ਮੰਤਰੀ ਸ਼ੌਕਤ ਅਜ਼ੀਜ਼ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਮਰਾਨ ਖਾਨ ਤੇ ਉਨ੍ਹਾਂ ਦੇ ਮੰਤਰੀ ਦੇਸ਼ ਦੇ ਖਜ਼ਾਨੇ ’ਚੋਂ ਪੈਸੇ ਕੱਢ ਕੇ ਆਪਣੀਆਂ ਮਹਿੰਗੀਆਂ ਲੋੜਾਂ ’ਤੇ ਖਰਚ ਕਰ ਰਹੇ ਹਨ।
ਬਿਲਾਵਲ ਨੇ ਮੀਡੀਆ ਦੇ ਸਾਹਮਣੇ ਭੜਾਸ ਕੱਢਦਿਆਂ ਕਿਹਾ ਕਿ ਇਮਰਾਨ ਦੇਸ਼ ਨੂੰ ਬਰਬਾਦੀ ਵੱਲ ਲਿਜਾ ਰਹੇ ਹਨ। ਦੇਸ਼ ’ਚ ਗਰੀਬੀ ਦਰ 50 ਫੀਸਦੀ ਹੋ ਗਈ ਹੈ। ਗਰੀਬੀ ਦਾ ਪੱਧਰ ਹੇਠਾਂ ਜਾਣਾ ਪ੍ਰਵੇਜ਼ ਮੁਸ਼ੱਰਫ ਦੇ ਸਮੇਂ ਸ਼ੁਰੂ ਹੋਇਆ ਸੀ। ਉਨ੍ਹਾਂ ਤੋਂ ਬਾਅਦ ਉਹ ਵਧਦਾ ਚਲਾ ਗਿਆ। ਵਿਦੇਸ਼ੀ ਕਰਜ਼ਾ ਵੀ ਵਧਦਾ ਚਲਾ ਗਿਆ। ਦੇਸ਼ ਚਲਾਉਣ ਲਈ ਜਿਨ੍ਹਾਂ ਸ਼ਰਤਾਂ ’ਤੇ ਕਰਜ਼ਾ ਲਿਆ ਗਿਆ, ਉਨ੍ਹਾਂ ਕਾਰਨ ਦੇਸ਼ ਦੀ ਹਾਲਤ ਵਿਗੜਦੀ ਚਲੀ ਗਈ ਤੇ ਹੁਣ ਉਨ੍ਹਾਂ ਕਰਜ਼ਿਆਂ ਦਾ ਵਿਆਜ ਦੇਣ ਲਈ ਵੀ ਨਵੇਂ ਕਰਜ਼ੇ ਲੈਣੇ ਪੈ ਰਹੇ ਹਨ।