ਸੈਕਰਾਮੈਂਟੋ (ਏਜੰਸੀਆਂ) : ਅਮਰੀਕਾ ’ਚ 31 ਸਾਲ ਜੇਲ੍ਹ ਵਿੱਚ ਬੰਦ ਰਹੇ ਦੋ ਸਕੇ ਭਰਾਵਾਂ ਨੂੰ 7 ਕਰੋੜ ਡਾਲਰ ਦਾ ਮੁਆਵਜ਼ਾ ਮਿਲੇਗਾ। ਦਰਅਸਲ, ਇਕ ਸੰਘੀ ਅਦਾਲਤ ਨੇ ਨਾਰਥ ਕੈਰੋਲੀਨਾ ਦੇ ਉਨ੍ਹਾਂ ਦੋ ਭਰਾਵਾਂ ਨੂੰ ਸਾਢੇ 7 ਲੱਖ ਡਾਲਰ ਮੁਆਵਜੇ ਵਜੋਂ ਦੇਣ ਦਾ ਆਦੇਸ਼ ਦਿੱਤਾ ਹੈ, ਜਿਨ੍ਹਾਂ ਨੂੰ ਗਲਤੀ ਨਾਲ ਜਬਰਜਨਾਹ ਤੇ ਕਤਲ ਦੇ ਮਾਮਲੇ ਵਿਚ ਦੋਸ਼ੀ ਠਹਿਰਾ ਕੇ ਸਜ਼ਾ ਸੁਣਾਈ ਗਈ ਸੀ। ਸੌਤੇਲੇ ਭਰਾ ਲੀਓਨ ਬਰਾਊਨ ਤੇ ਹੈਨਰੀ ਮੈਕਕੋਲਮ ਨੂੰ 1983 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ 31 ਸਾਲ ਜੇਲ੍ਹ ਵਿਚ ਬਿਤਾਉਣ ਉਪਰੰਤ 2014 ਵਿਚ ਰਿਹਾਅ ਕੀਤਾ ਗਿਆ ਸੀ। ਰਿਹਾਈ ਉਪਰੰਤ ਉਨਾਂ ਨੇ ਸਰਕਾਰੀ ਏਜੰਸੀਆਂ ਜਿਨਾਂ ਕਾਰਨ ਉਨਾਂ ਨੂੰ ਇਕ ਝੂਠੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ, ਵਿਰੁੱਧ ਮੁਆਵਜ਼ੇ ਲਈ ਮੁਕੱਦਮਾ ਦਾਇਰ ਕੀਤਾ।
ਤਕਰੀਬਨ 6 ਸਾਲ ਬਾਅਦ ਇਕ ਸੰਘੀ ਅਦਾਲਤ ਨੇ ਬਰਾਊਨ ਤੇ ਮੈਕਕੋਲਮ ਵੱਲੋਂ ਜੇਲ ਵਿਚ ਬਿਤਾਏ ਸਾਲਾਂ ਲਈ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ। ਅਦਾਲਤ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਹਰੇਕ ਨੂੰ ਉਸ ਵੱਲੋਂ ਜੇਲ ਵਿਚ ਬਿਤਾਏ ਸਮੇ ਲਈ ਪ੍ਰਤੀ ਸਾਲ 10 ਲੱਖ ਡਾਲਰ ਦਿੱਤੇ ਜਾਣ ਤੇ 1 ਕਰੋੜ 30 ਲੱਖ ਡਾਲਰ ਦੀ ਅਦਾਇਗੀ ਵੱਖਰੀ ਕੀਤੀ ਜਾਵੇ। ਇਥੇ ਜਿਕਰਯੋਗ ਹੈ ਕਿ ਦੋਨਾਂ ਭਰਾਵਾਂ ਨੂੰ ਤੇ 11 ਸਾਲਾਂ ਦੀ ਬੱਚੀ ਨਾਲ ਜਬਰਜਨਾਹ ਕਰਨ ਤੇ ਕਤਲ ਕਰਨ ਦੇ ਦੋਸ਼ ਲਾਏ ਗਏ ਸਨ।
ਅਦਾਲਤ ਨੇ ਉਨਾਂ ਨੂੰ ਮੌਤ ਦੀ ਸਜਾ ਸੁਣਾਈ ਸੀ ਪਰੰਤੂ ਬਾਅਦ ਵਿਚ ਬਰਾਊਨ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ ਗਈ ਸੀ। ਅਪਰਾਧ ਵਾਲੇ ਸਥਾਨ ਤੋਂ ਲਏ ਡੀ ਐਨ ਏ ਦੇ ਟੈਸਟ ਤੋਂ ਬਾਅਦ ਦੋਵਾਂ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਗਿਆ ਤੇ 2014 ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।