Tuesday, November 12, 2024
 

ਪੰਜਾਬ

ਸ਼ਹੀਦ ਏ.ਐਸ.ਆਈਜ਼ ਦਾ ਉਨਾਂ ਦੇ ਜੱਦੀ ਪਿੰਡਾਂ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

May 16, 2021 10:31 PM

-ਜਗਰਾਉਂ ਕਾਂਡ ਵਿਚ ਸਾਮਲ ਅਪਰਾਧੀਆਂ ਨੂੰ ਫੜਿਆ ਜਾਵੇਗਾ ਜਿਵੇਂ ਕਿ ਹੋਰ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਦੀ ਦੇਸ਼ ਅਤੇ ਵਿਸ਼ਵ ਭਰ ਵਿਚ ਪੈੜ ਨੱਪੀ: ਡੀ.ਜੀ.ਪੀ. ਪੰਜਾਬ

- ਡੀਜੀਪੀ ਦਿਨਕਰ ਗੁਪਤਾ ਵੱਲੋਂ ਪੰਜਾਬ ਪੁਲਿਸ ਦੀ ਤਰਫੋਂ ਸਹੀਦਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ

ਜਗਰਾਉਂ / ਤਰਨ ਤਾਰਨ (ਸੱਚੀ ਕਲਮ ਬਿਊਰੋ) :ਦੋ ਸਹਾਇਕ ਸਬ-ਇੰਸਪੈਕਟਰਾਂ (ਏਐਸਆਈਜ), ਜਿਨਾਂ ਦੀ ਜਗਰਾਉਂ ਦੀ ਨਵੀਂ ਅਨਾਜ ਮੰਡੀ ਵਿੱਚ ਕਾਰ ਸਵਾਰ ਨਸਾ ਤਸਕਰ-ਅਪਰਾਧੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਦੀਆਂ ਮਿ੍ਰਤਕ ਦੇਹਾਂ ਦਾ ਅੱਜ ਉਨਾਂ ਦੇ ਜੱਦੀ ਪਿੰਡਾਂ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਦਾਹ ਸਸਕਾਰ ਕੀਤਾ ਗਿਆ। ਸਨੀਵਾਰ ਸਾਮ ਨੂੰ ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਲੁਧਿਆਣਾ ਦਿਹਾਤੀ ਪੁਲਿਸ ਦੀ ਕਰਾਈਮ ਇਨਵੈਸਟੀਗੇਸਨ ਯੂਨਿਟ (ਸੀਆਈਏ) ਵਿੰਗ ਵਿੱਚ ਤਾਇਨਾਤ ਦੋਵੇਂ ਏਐਸਆਈ ਸਰਾਬ ਦੀ ਤਸਕਰੀ ਸਬੰਧੀ ਮਿਲੀ ਸੂਹ ਵਿੱਚ ਕਾਰਵਾਈ ਕਰ ਰਹੇ ਸਨ।

 ਜਗਰਾਉਂ ਦੇ ਪਿੰਡ ਕੋਠੇ ਆਠ ਚੱਕ ਦੇ ਵਸਨੀਕ ਏਐਸਆਈ ਭਗਵਾਨ ਸਿੰਘ (50) ਦਾ ਉਹਨਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਭਗਵਾਨ ਸਿੰਘ ਆਪਣੇ ਪਿੱਛੇ ਪਤਨੀ ਅਤੇ ਇੱਕ 15 ਸਾਲ ਦਾ ਪੁੱਤਰ ਛੱਡ ਗਏ ਹਨ। ਏਐਸਆਈ ਦਲਵਿੰਦਰਜੀਤ ਸਿੰਘ (48) ਦਾ ਅੰਤਿਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਸੰਗਵਾਂ, ਪੱਟੀ ਜ਼ਿਲਾ ਤਰਨਤਾਰਨ ਵਿਖੇ ਕੀਤਾ ਗਿਆ। ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ 2 ਪੁੱਤਰ ਛੱਡ ਗਏ ਹਨ।

ਦੋਵੇਂ ਏਐਸਆਈਜ਼ ਦੀਆਂ ਮਿ੍ਰਤਕ ਦੇਹਾਂ ਨੂੰ ਤਿਰੰਗੇ ਵਿੱਚ ਲਪੇਟੇ ਤਾਬੂਤ ਵਿੱਚ ਲਿਆਂਦਾ ਗਿਆ ਅਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਹੀਦਾਂ ਨੂੰ ਬੰਦੂਕਾਂ ਨਾਲ ਸਲਾਮੀ ਦਿੱਤੀ ਗਈ ਅਤੇ ਇਸ ਤੋਂ ਪਹਿਲਾਂ ਬਿਗੁਲ ਵਜਾਇਆ ਗਿਆ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਦਿਨਕਰ ਗੁਪਤਾ ਨੇ ਇਸ ਨੂੰ ਦੁਖਦਾਈ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ ਨੇ ਅਪਰਾਧੀਆਂ ਦਾ ਪਿੱਛਾ ਕਰ ਰਹੇ ਦੋ ਬਹਾਦਰ ਅਧਿਕਾਰੀਆਂ ਨੂੰ ਗਵਾਇਆ ਹੈ। ਉਨਾਂ ਕਿਹਾ ਕਿ ਪੰਜਾਬ ਪੁਲਿਸ ਹਮੇਸਾਂ ਉਨਾਂ ਦੇ ਪਰਿਵਾਰਾਂ ਨਾਲ ਡਟ ਕੇ ਖੜੀ ਰਹੇਗੀ। ਉਨਾਂ ਭਰੋਸਾ ਦਿਵਾਇਆ ਕਿ ਦੋਵਾਂ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਐਚਡੀਐਫਸੀ ਬੈਂਕ ਵੱਲੋਂ ਇਕ-ਇਕ ਕਰੋੜ ਰੁਪਏ ਦੀ ਰਾਸੀ ਦੇ ਨਾਲ ਹੋਰ ਲਾਭ ਜਿਵੇਂ ਬਹਾਦਰ ਪੁਲਿਸ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਆਦਿ ਦਿੱਤੀ ਜਾਵੇਗੀ।

 ਡੀਜੀਪੀ ਨੇ ਸਾਰੇ ਸੀ.ਪੀਜ਼ ਅਤੇ ਐਸ.ਐਸ.ਪੀਜ਼ ਸਮੇਤ ਜ਼ਿਲਿਆਂ ਅਤੇ ਹੈਡਕੁਆਟਰਾਂ ਵਿਖੇ ਤਾਇਨਾਤ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ  ਨਾਲ ਮੀਟਿੰਗ ਦੌਰਾਨ ਸ਼ਹੀਦ ਹੋਏ ਦੋਵਾਂ ਬਹਾਦਰ ਅਧਿਕਾਰੀਆਂ ਨੂੰ ਸਰਧਾਂਜਲੀ ਦੇਣ ਲਈ ਉਨਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਰੱਖਿਆ।

ਡੀਜੀਪੀ ਨੇ ਭਰੋਸਾ ਦਿਵਾਇਆ ਕਿ ਦੋਵਾਂ ਅਧਿਕਾਰੀਆਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ ਅਤੇ ਉਹਨਾਂ ਸਾਰੇ ਪੁਲਿਸ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਬੰਧਤ ਜ਼ਿਲਿਆਂ ਵਿੱਚ ਦੋਸ਼ੀਆਂ ਦੀ ਭਾਲ ਹੋਰ ਤੇਜ ਕਰਨ ਅਤੇ ਇਸ ਕੇਸ ਵਿੱਚ ਸਾਮਲ ਦੋਸੀ ਵਿਅਕਤੀਆਂ ਨੂੰ ਜਲਦੀ ਤੋਂ ਜਲਦ ਕਾਬੂ ਕਰਨ।

ਇਸ ਦੌਰਾਨ ਵਿਸੇਸ ਡੀਜੀਪੀ ਸੰਜੀਵ ਕਾਲੜਾ, ਆਈਜੀ ਨੌਂ ਨਿਹਾਲ ਸਿੰਘ, ਡਿਪਟੀ ਕਮਿਸਨਰ ਲੁਧਿਆਣਾ ਵਰਿੰਦਰ ਸਰਮਾ ਅਤੇ ਐਸਐਸਪੀ ਲੁਧਿਆਣਾ ਦਿਹਾਤੀ ਚਰਨਜੀਤ ਸਿੰਘ ਸੋਹਲ, ਏਐਸਆਈ ਭਗਵਾਨ ਸਿੰਘ ਦੇ ਸਸਕਾਰ ਵਿੱਚ ਸਾਮਲ ਹੋਏ ਅਤੇ ਜਗਰਾਉਂ ਵਿੱਚ ਡੀਜੀਪੀ ਅਤੇ ਸਮੁੱਚੀ ਪੰਜਾਬ ਪੁਲਿਸ ਫੋਰਸ ਦੀ ਤਰਫੋਂ ਰੀਥ ਰੱਖ ਕੇ ਸ਼ਰਧਾਜਲੀ ਭੇਟ ਕੀਤੀ। ਏਐਸਆਈ ਦਲਵਿੰਦਰਜੀਤ ਸਿੰਘ ਦਾ ਅੰਤਿਮ ਸੰਸਕਾਰ ਤਰਨ ਤਾਰਨ ਵਿਖੇ ਵਿਸੇਸ ਡੀਜੀਪੀ ਆਈ.ਪੀ.ਐਸ. ਸਹੋਤਾ, ਡਿਪਟੀ ਕਮਿਸਨਰ ਤਰਨ ਤਾਰਨ ਕੁਲਵੰਤ ਸਿੰਘ ਅਤੇ ਐਸ.ਐਸ.ਪੀ. ਧਰੁਮਨ ਐਚ ਨਿੰਬਲੇ ਦੀ ਹਾਜਰੀ ਵਿੱਚ ਕੀਤਾ ਗਿਆ ਅਤੇ ਸਾਰੇ ਸੀਨੀਅਰ ਅਧਿਕਾਰੀਆਂ ਵੱਲੋਂ ਰੀਥ ਰੱਖ ਕੇ ਸਹੀਦ ਨੂੰ ਸਰਧਾਂਜਲੀ ਭੇਟ ਕੀਤੀ ਗਈ।    

 

Have something to say? Post your comment

 

ਹੋਰ ਪੰਜਾਬ ਖ਼ਬਰਾਂ

 
 
 
 
Subscribe