ਯੋਗੀ ਦੀਆਂ ਟਿੱਪਣੀਆਂ ਨੂੰ ਤੋਤੇ ਵਾਂਗ ਰਟਣ ਲਈ ਭਾਜਪਾ ਨੇਤਾਵਾਂ ਦੀ ਸਖਤ ਆਲੋਚਨਾ, ਯੋਗੀ ਖੁਦ ਆਪਣੇ ਸੂਬੇ ਨੂੰ ਤਬਾਹ ਕਰਨ ਲਈ ਪੱਬਾਂ ਭਾਰ
ਭਾਜਪਾ ਨੇਤਾਵਾਂ ਨੂੰ ਪੰਜਾਬ ਅਤੇ ਮਲੇਰਕੋਟਲਾ ਦੇ ਇਤਿਹਾਸ ਪੜਨ ਲਈ ਆਖਿਆ, ਇਤਿਹਾਸਕ ਕਿਤਾਬਾਂ ਭੇਜਣ ਦੀ ਵੀ ਕੀਤੀ ਪੇਸ਼ਕਸ਼
ਚੰਡੀਗੜ੍ਹ ( ਸੱਚੀ ਕਲਮ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਦਿੱਤਿਆਨਾਥ ਯੋਗੀ ਵੱਲੋਂ ਮਲੇਰਕੋਟਲਾ ਬਾਰੇ ਕੀਤੀਆਂ ਭੜਕਾਊ ਟਿੱਪਣੀਆਂ ਨੂੰ ਤੋਤੇ ਵਾਂਗ ਰਟਣ ਲਈ ਭਾਜਪਾ ਦੇ ਕੌਮੀ ਤੇ ਸੂਬਾਈ ਨੇਤਾਵਾਂ ਉੱਤੇ ਤਿੱਖਾ ਹਮਲਾ ਬੋਲਦਿਆਂ ਤਾੜਨਾ ਕੀਤੀ ਕਿ ਸ਼ਾਂਤੀ ਪਸੰਦ ਪੰਜਾਬੀਆਂ ਦਰਮਿਆਨ ਫਿਰਕੂ ਪਾੜਾ ਪਾਉਣ ਦੀਆਂ ਕੋਝੀਆਂ ਚਾਲਾਂ ਉਲਟਾ ਤਹਾਨੂੰ ਪੁੱਠੀਆਂ ਪੈਣਗੀਆਂ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਨੇਤਾ ਪੰਜਾਬ ਵਿਚ ਫਿਰਕਾਪ੍ਰਸਤੀ ਨੂੰ ਤੂਲ ਦੇਣ ਦੇ ਯਤਨ ਕਰ ਰਹੇ ਹਨ ਜੋ ਉਨਾਂ ਨੂੰ ਪੁੱਠੇ ਪੈਣਗੇ। ਉਨਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਹੱਕ ਵਿਚ ਬਿਨਾਂ ਸੋਚੇ ਸਮਝੇ ਕੁੱਦ ਪੈਣ ਲਈ ਭਾਜਪਾ ਨੇਤਾਵਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਯੋਗੀ ਜੋ ਖੁਦ ਆਪਣੇ ਸੂਬੇ ਨੂੰ ਤਬਾਹ ਕਰ ਦੇਣ ਲਈ ਪੱਬਾਂ ਭਾਰ ਹੈ, ਅਤੇ ਉਸ ਦਾ ਸੂਬਾ ਪੂਰੀ ਤਰਾਂ ਲਾਕਾਨੂੰਨੀ, ਫਿਰਕੂ ਅਤੇ ਜਾਤੀ ਵੰਡ ਅਤੇ ਸ਼ਾਸਨ ਦੀ ਨਲਾਇਕੀ ਨਾਲ ਜੂਝ ਰਿਹਾ ਹੈ ਅਤੇ ਇੱਥੋਂ ਤੱਕ ਯੂ.ਪੀ. ਸਰਕਾਰ ਵੱਲੋਂ ਕੋਵਿਡ ਦੀ ਸਥਿਤੀ ਨੂੰ ਵੀ ਬੇਹੂਦਗੀ ਨਾਲ ਨਜਿੱਠਿਆ ਜਾ ਰਿਹਾ ਹੈ ਜਿੱਥੇ ਕਿ ਆਪਣੇ ਪਿਆਰਿਆਂ ਦੀ ਜਾਨ ਬਚਾਉਣ ਦੀ ਮਦਦ ਲਈ ਦੁਹਾਈ ਪਾਉਣ ਵਾਲਿਆਂ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ, “ਡਾ. ਬੀ.ਆਰ. ਅੰਬੇਦਕਰ ਦੀ ਪ੍ਰਧਾਨਗੀ ਹੇਠ ਸੰਵਿਧਾਨਕ ਸਭਾ ਨੇ ਸਾਨੂੰ ਧਰਮ ਨਿਰਪੱਖ ਜਮਹੂਰੀਅਤ ਪ੍ਰਦਾਨ ਕੀਤੀ ਸੀ ਜਦਕਿ ਦੂਜੇ ਪਾਸੇ ਜੋ ਵੀ ਯੋਗੀ ਪ੍ਰਾਪਤ ਕਰ ਰਹੇ ਹਨ, ਉਹ ਮੁਲਕ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਖੇਰੂੰ-ਖੇਰੂੰ ਕਰ ਰਿਹਾ ਹੈ। ਉਨਾਂ ਕਿਹਾ ਕਿ ਭਾਜਪਾ ਨੇ ਨਸਲਕੁਸ਼ੀ, ਫਿਰਕੂ ਨੀਤੀਆਂ ਅਤੇ ਸਿਆਸਤ ਰਾਹੀਂ ਬੜੇ ਯੋਜਨਾਬੱਧ ਢੰਗ ਨਾਲ ਮੁਲਕ ਦੇ ਧਰਮ ਨਿਰਪੱਖ ਚਰਿੱਤਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਉਨਾਂ ਨੇ ਸੀ.ਏ.ਏ. ਦੇ ਨਾਲ-ਨਾਲ ਹਾਲ ਹੀ ਵਿਚ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਫਿਰਕੂ ਰੰਗਤ ਦੇਣ ਦੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੱਤਾ ਜੋ ਆਪਣੀ ਜਿੰਦਗੀ ਅਤੇ ਰੋਜੀ-ਰੋਟੀ ਲਈ ਜਦੋ-ਜਹਿਦ ਰਹੇ ਹਨ।
ਸਾਲ 2002 ਵਿਚ ਗੁਜਰਾਤ ਤੋਂ 2021 ਵਿਚ ਪੱਛਮੀ ਬੰਗਾਲ ਦੇ ਵੇਲੇ ਤੋਂ ਲੈ ਕੇ ਮੁਲਕ ਭਰ ਵਿਚ ਫਿਰਕੂ ਨਫਰਤ ਅਤੇ ਹਿੰਸਾ ਫੈਲਾਉਣ ਲਈ ਭਾਜਪਾ ਦੇ ਲਹੂ ਨਾਲ ਲੱਥ-ਪੱਥ ਇਤਿਹਾਸ ਦਾ ਜਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੱਥੋਂ ਤੱਕ ਕਿ ਸਾਲ 1984 ਦੇ ਦਿੱਲੀ ਦੰਗਿਆਂ ਵਿਚ ਵੀ ਉਨਾਂ ਨੇ ਨਿੱਜੀ ਤੌਰ ਉਤੇ ਤੁਗਲਕ ਰੋਡ ਪੁਲੀਸ ਥਾਣੇ ਵਿਚ 22 ਭਾਜਪਾ ਸਮਰਥਕਾਂ ਖਿਲਾਫ ਸ਼ਿਕਾਇਤਾਂ ਦੇਖੀਆਂ ਸਨ ਜਿਨਾਂ ਨੇ ਹਿੰਸਾ ਨੂੰ ਸ਼ਹਿ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਨਜਰ ਆਉਂਦਾ ਹੈ ਕਿ ਪੰਜਾਬ ਵਿਚ ਵੀ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਬੇਅਦਬੀ ਦੇ ਮਾਮਲੇ ਭਾਜਪਾ ਦੀ ਨਿਗਰਾਨੀ ਵਾਪਰੇ ਸਨ ਜੋ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਹੁੰਦਿਆਂ ਸੱਤਾ ਵਿਚ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਯੋਗੀ ਦੇ ਉੱਤਰ ਪ੍ਰਦੇਸ਼ ਦਾ ਸਬੰਧ ਹੈ, ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਦਸੰਬਰ, 2018 ਵਿਚ ਲੋਕ ਸਭਾ ਵਿਚ ਦਿੱਤੇ ਬਿਆਨ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਮੁਤਾਬਕ ਸਾਲ 2014 ਦੇ ਮੁਕਾਬਲੇ ਸਾਲ 2017 ਵਿਚ ਮੁਲਕ ਵਿਚ ਫਿਰਕੂ ਹਿੰਸਾ ਦੀਆਂ ਘਟਨਾਵਾਂ 32 ਫੀਸਦੀ ਵੱਧ ਸਨ। ਰਿਪੋਰਟਾਂ ਦੇ ਮੁਤਾਬਕ ਭਾਰਤ ਵਿਚ ਵਾਪਰੀਆਂ ਕੁੱਲ 822 ਘਟਨਾਵਾਂ ਵਿੱਚੋਂ ਉੱਤਰ ਪ੍ਰਦੇਸ਼ ਵਿਚ ਫਿਰਕੂ ਹਿੰਸਾ ਦੀਆਂ 195 ਘਟਨਾਵਾਂ ਵਾਪਰੀਆਂ ਸਨ ਜਿਨਾਂ ਵਿਚ 44 ਵਿਅਕਤੀ ਮਾਰੇ ਗਏ ਅਤੇ 542 ਲੋਕ ਜਖਮੀ ਹੋਏ ਸਨ। ਮੁੱਖ ਮੰਤਰੀ ਨੇ ਉਸ ਵੇਲੇ ਤੋਂ ਸਥਿਤੀ ਹੋਰ ਵੀ ਬਦਤਰ ਹੋਈ ਹੈ।
ਆਪਣੇ ਸੂਬੇ ਨਾਲ ਇਸ ਦੀ ਤੁਲਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਇਕਜੁਟਤਾ ਨਾਲ ਰਹਿਣ ਵਾਲੇ ਸਮੂਹਾਂ ਵਿੱਚੋਂ ਇਕ ਹੈ। “ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਜਾਂ ਸਾਡੇ ਸਤਲੁਜ ਰਾਜਾਂ ਵਿੱਚ ਕਦੇ ਫਿਰਕੂ ਤਣਾਅ ਨਹੀਂ ਹੋਇਆ ਸੀ। ਦਰਅਸਲ, ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਸਾਰੇ ਮੰਤਰੀ ਮੁਸਲਮਾਨ ਅਤੇ ਹਿੰਦੂ ਸਨ। ਫਕੀਰ ਅਜ਼ੀਜ਼ੁਦ-ਦੀਨ ਅਤੇ ਉਸ ਦੇ ਭਰਾ, ਨੂਰੁਦ-ਦੀਨ ਅਤੇ ਇਮਾਮੂਦ-ਦੀਨ ਰਣਜੀਤ ਸਿੰਘ ਦੇ ਦਰਬਾਰ ਵਿਚ ਮੰਤਰੀ ਸਨ। ਉਨਾਂ ਦਾ ਕਮਾਂਡਰ-ਇਨ-ਚੀਫ ਦੀਵਾਨ ਮੋਹਕਮ ਚੰਦ ਹਿੰਦੂ ਸੀ। ਉਨਾਂ ਦੇ ਤੋਪਖਾਨੇ ਵਿੱਚ ਵੀ ਮੁਸਲਮਾਨ ਸਨ ਅਤੇ ਕੋਈ ਵੀ ਹੋਰ ਭਾਈਚਾਰਾ ਉਨਾਂ ਦੇ ਤੋਪਖਾਨੇ ਦਾ ਹਿੱਸਾ ਨਹੀਂ ਸੀ। ਆਪਣੇ ਪਿਤਾ ਦੇ ਸਮੇਂ ਨੂੰ ਯਾਦ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪਟਿਆਲੇ ਦੇ ਤਤਕਾਲੀ ਪ੍ਰਧਾਨ ਮੰਤਰੀ ਇਕ ਮੁਸਲਮਾਨ ਨਵਾਬ ਲਿਆਕਤ ਹਯਾਤ ਖਾਨ ਸਨ, ਜਦੋਂਕਿ ਮਾਲ ਮੰਤਰੀ ਕਸਮੀਰੀ ਰਾਜਾ ਦਯਾਕਿਸ਼ਨ ਕੌਲ ਅਤੇ ਵਿੱਤ ਮੰਤਰੀ ਸ੍ਰੀ ਗੌਨਟਲੇਟ ਬਿ੍ਰਟਿਸ ਨਾਗਰਿਕ ਸਨ। ਸਰਦਾਰ ਪਾਨੀਕਰ (ਦੱਖਣੀ ਭਾਰਤੀ), ਜੋ ਬਾਅਦ ਵਿਚ ਚੀਨ ਵਿਚ ਭਾਰਤ ਦੇ ਰਾਜਦੂਤ ਬਣੇ ਅਤੇ ਸ੍ਰੀ ਰੈਨਾ, ਜੋ ਨਹਿਰੂ ਪਰਿਵਾਰ ਨਾਲ ਸਬੰਧਤ ਸਨ, ਵੀ ਮੰਤਰੀ ਸਨ। ਮੁੱਖ ਮੰਤਰੀ ਨੇ ਕਿਹਾ, “ ਉਸ ਸਮੇਂ ਸਮਰੱਥਾ ’ਤੇ ਜ਼ੋਰ ਸੀ ਨਾ ਕਿ ਧਰਮ ’ਤੇ ਅਤੇ ਇਸੇ ਤਰਾਂ ਹੁਣ ਤੱਕ ਹੈ।” ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਅਤੇ ਉਨਾਂ ਦੀ ਸਰਕਾਰ ਦੇ ਧਰਮ ਨਿਰਪੱਖ ਅਕਸ ਨੂੰ ਭਾਜਪਾ ਦੀ ਪ੍ਰਮਾਣਿਕਤਾ ਦੀ ਜਰੂਰਤ ਨਹੀਂ ਸੀ।ਇਹ ਆਖਦਿਆਂ ਕਿ ਯੋਗੀ ਦੇ ਮੂਰਖਤਾ ਭਰੇ ਬਿਆਨ ਦਾ ਸਮਰਥਨ ਕਰਨ ਤੋਂ ਪਹਿਲਾਂ ਮੇਰੇ ਭਾਜਪਾ ਸਾਥੀਆਂ ਨੂੰ ਪੰਜਾਬ ਦਾ ਇਤਿਹਾਸ ਪੜ ਲੈਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ 1965 ਦੀ ਲੜਾਈ ਵਿਚ ਇਹ ਸੀ.ਕਿਊ.ਐਮ.ਐੱਚ. ਅਬਦੁਲ ਹਮੀਦ ਸੀ ਜਿਸਨੇ ਅਸਲ ਉਤਾੜ ਵਿਚ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਜਿਸ ਲਈ ਉਸਨੂੰ ‘ਪਰਮ ਵੀਰ ਚੱਕਰ’ ਨਾਲ ਸਨਮਾਨਿਆ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਮਲੇਰਕੋਟਲਾ ਦੇ ਮਾਮਲੇ ਵਿੱਚ ਇਹ ਸਪੱਸਟ ਹੈ ਕਿ ਭਾਜਪਾ ਦੇ ਨੇਤਾ ਇਹ ਨਹੀਂ ਜਾਣਦੇ ਕਿ ਇਹ ਮਲੇਰਕੋਟਲਾ ਦੇ ਨਵਾਬ ਸੇਰ ਮੁਹੰਮਦ ਖਾਨ ਸਨ, ਜਿਨਾਂ ਨੇ ਖੜੇ ਹੋ ਕੇ ਸਰਹਿੰਦ ਦੇ ਤਤਕਾਲੀ ਹੁਕਮਰਾਨ ਦਾ ਵਿਰੋਧ ਕੀਤਾ ਸੀ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਕੰਧਾਂ ਵਿੱਚ ਚਿਣਵਾ ਰਿਹਾ ਸੀ।
ਮਲੇਰਕੋਟਲਾ ਨੂੰ ਜ਼ਿਲਾ ਐਲਾਨੇ ਜਾਣ ਦੀ ਆਲੋਚਨਾ ਵਿੱਚ ਬਿਆਨ ਜਾਰੀ ਕਰ ਰਹੇ ਬੀ.ਜੀ.ਪੀ. ਆਗੂਆਂ ’ਤੇ ਵਰਦਿਆਂ ਜਿਸ ਨੂੰ ਉਨਾਂ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਦੱਸਿਆ, ਕੈਪਟਨ ਅਮਰਿੰਦਰ ਨੇ ਕਿਹਾ ਕਿ “ਜੇਕਰ ਤੁਹਾਡੇ ਵਿੱਚੋਂ ਕੋਈ ਵੀ ਪੰਜਾਬ ਦੇ ਮਹਾਨ ਇਤਿਹਾਸ ਨੂੰ ਜਾਣਨਾ ਚਾਹੁੰਦਾ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸੋ। ਮੈਂ ਤੁਹਾਨੂੰ ਇਸ ਵਿਸੇ ’ਤੇ ਕੁਝ ਕਿਤਾਬਾਂ ਭੇਜਾਂਗਾ” ਉਨਾਂ ਕਿਹਾ, “ਮੈਂ 2002-2007 ਵਿਚ ਮੁੱਖ ਮੰਤਰੀ ਵਜੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਇਹ ਵਚਨਬੱਧਤਾ ਕੀਤੀ ਸੀ ਅਤੇ ਭਾਜਪਾ ਦੇ ਉਲਟ, ਮੈਂ ਆਪਣੇ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਨ ਵਿਚ ਵਿਸਵਾਸ ਕਰਦਾ ਹਾਂ।’