ਜਗਰਾਉਂ (ਏਜੰਸੀਆ) : ਜਗਰਾਉਂ ਦੀ ਦਾਣਾ ਮੰਡੀ ਵਿਚ ਪੁਲਿਸ ਤੇ ਕੁਝ ਅਣਪਛਾਤੇ ਵਿਅਕਤੀਆਂ ਵਿਚਾਲੇ ਹੋਈ ਝੜਪ ’ਚ ਚੱਲੀ ਗੋਲੀ ਦੌਰਾਨ ਏਐੱਸਆਈ ਰੈਂਕ ਦੇ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਹੋਮਗਾਰਡ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ।
ਐੱਸਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ’ਚ ਤਾਇਨਾਤ ਏਐੱਸਆਈ ਭਗਵਾਨ ਸਿੰਘ, ਏਐੱਸਆਈ ਦਲਵਿੰਦਰਜੀਤ ਸਿੰਘ ਤੇ ਇੱਕ ਹੋਮਗਾਰਡ ਜਵਾਨ ਰਾਜਵਿੰਦਰ ਸਿੰਘ ਸ਼ਹਿਰ ’ਚ ਕਾਰ ਵਿਚ ਘੁੰਮ ਰਹੇ ਸ਼ੱਕੀ ਵਿਅਕਤੀਆਂ ਦਾ ਪਿੱਛਾ ਕਰ ਰਹੇ ਸਨ। ਜਦ ਉਹ ਨਵੀਂ ਦਾਣਾ ਮੰਡੀ ’ਚ ਪਹੁੰਚੇ ਤਾਂ ਸ਼ੱਕੀ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ।
ਇੱਕ ਗੋਲੀ ਏਐਸਆਈ ਭਗਵਾਨ ਸਿੰਘ ਦੇ ਸਿਰ ਵਿੱਚ ਲੱਗੀ ਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਦੂਸਰੀ ਗੋਲੀ ਏਐੱਸਆਈ ਦਲਵਿੰਦਰਜੀਤ ਸਿੰਘ ਨੂੰ ਲੱਗੀ। ਹੋਮਗਾਰਡ ਜਵਾਨ ਰਾਜਵਿੰਦਰ ਸਿੰਘ ਨੇ ਭੱਜ ਕੇ ਜਾਨ ਬਚਾਈ। ਗੰਭੀਰ ਰੂਪ ’ਚ ਜ਼ਖ਼ਮੀ ਏ.ਐੱਸ.ਆਈ. ਦਲਵਿੰਦਰਜੀਤ ਸਿੰਘ ਦੀ ਹਸਪਤਾਲ ਲਿਜਾਂਦਿਆਂ ਰਾਹ ਵਿੱਚ ਹੀ ਮੌਤ ਹੋ ਗਈ। ਰਾਜਵਿੰਦਰ ਸਿੰਘ ਹਸਪਤਾਲ ’ਚ ਜ਼ੇਰੇ ਇਲਾਜ ਹੈ।