ਫਾਜ਼ਿਲਕਾ (ਸੱਚੀ ਕਲਮ ਬਿਊਰੋ) : ਫਾਜ਼ਿਲਕਾ ਉਪਮੰਡਲ ਦੇ ਪਿੰਡ ਰਾਣਾ ਦੇ ਨੇੜੇ ਬਣੀ ਰਾਣਾ ਕਾਲੋਨੀ ਵਾਸੀ ਨੌਜਵਾਨ ਨੇ ਆਪਣੀ ਧੀ ਦੀ ਮੌਤ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਕਾਲੋਨੀ ਵਾਸੀ 28 ਸਾਲਾ ਲਖਵਿੰਦਰ ਸਿੰਘ ਉਰਫ ਲੱਖਾ ਸਿੰਘ ਦਾ ਵਿਆਹ ਕਰੀਬ 2 ਸਾਲ ਪਹਿਲਾਂ ਕੁਲਵੰਤ ਕੌਰ ਵਾਸੀ ਸਰਹੱਦੀ ਪਿੰਡ ਰੇਤੇ ਵਾਲੀ ਭੈਣੀ ਨਾਲ ਹੋਇਆ ਸੀ।
9 ਮਈ ਨੂੰ ਕੁਲਵੰਤ ਕੌਰ ਨੇ ਆਪਣੇ ਪੇਕੇ ਪਿੰਡ ’ਚ ਪਹਿਲੀ ਔਲਾਦ ਦੇ ਰੂਪ ’ਚ ਇਕ ਬੇਟੀ ਨੂੰ ਜਨਮ ਦਿੱਤਾ ਸੀ। ਨਵਜੰਮੀ ਧੀ ਦੀ ਜਨਮ ਲੈਣ ਦੇ 2 ਦਿਨ ਬਾਅਦ ਮੌਤ ਹੋ ਗਈ ਤੇ ਇਸ ਗੱਲ ਦਾ ਸਦਮਾ ਲਖਵਿੰਦਰ ਸਿੰਘ ਝੱਲ ਨਾ ਸਕਿਆ। ਉਸ ਨੇ ਆਪਣੇ ਘਰ ਦੇ ਕਮਰੇ ’ਚ ਰੋਸ਼ਨਦਾਨ ਨਾਲ ਕੱਪੜੇ ਦਾ ਫੰਦਾ ਬਣਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮਿਹਨਤ-ਮਜ਼ਦੂਰੀ ਕਰਦਾ ਸੀ। ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕ ਦਾ ਅੱਜ ਸਥਾਨਕ ਸਿਵਲ ਹਸਪਤਾਲ ’ਚ ਪੋਸਟਮਾਰਟਮ ਕੀਤਾ ਗਿਆ। ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਦੇ ਬਿਆਨ ’ਤੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ।