ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸਹਿਰੇ ਦੇ ਤਿਉਹਰ ਮੌਕੇ ਅੱਜ ਪਟਿਆਲਾ ਵਿਖੇ ਖੇਡਾਂ ਨੂੰ ਸਮਰਪਿਤ ਪੰਜਾਬ ਦੀ ਪਹਿਲੀ ਖੇਡ ਯੂਨੀਵਰਸਿਟੀ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਅਤੇ ਨਵੇਂ ਬੱਸ ਅੱਡੇ ਸਮੇਤ ਹੋਰ ਕਈ ਅਹਿਮ ਵਿਕਾਸ ਪ੍ਰਾਜੈਕਟਾਂ ਦੇ ਵੀ ਨੀਂਹ ਪੱਥਰ ਰੱਖੇ।
ਇੱਥੇ ਦੋ ਵੱਖ-ਵੱਖ ਸਮਾਗਮਾਂ ਦੌਰਾਨ ਮੁੱਖ ਮੰਤਰੀ ਨੇ ਪਟਿਆਲਾ ਸ਼ਹਿਰ ਲਈ ਨਹਿਰੀ ਪਾਣੀ ’ਤੇ ਅਧਾਰਤ 24 ਘੰਟੇ-ਸੱਤੇ ਦਿਨ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ 503 ਕਰੋੜ ਰੁਪਏ ਦੀ ਲਾਗਤ ਵਾਲੇ ਜਲ ਸਪਲਾਈ ਪ੍ਰਾਜੈਕਟ, ਕਿਲਾ ਮੁੁਬਾਰਕ ਦੁਆਲੇ 43 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੀ ਜਾਣ ਵਾਲੀ ਵਿਰਾਸਤੀ ਲਾਂਘਾ (ਹੈਰੀਟੇਜ ਸਟਰੀਟ), ਰਾਜਪੁਰਾ ਰੋਡ ’ਤੇ 65 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਅਤਿ ਆਧੁਨਿਕ ਬੱਸ ਸਟੈਂਡ ਅਤੇ ਰਾਜਪੁਰਾ ਰੋਡ ਨੂੰ ਚੌੜਾ ਕਰਨ ਦੇ 6.74 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਵੀ ਨੀਂਹ ਪੱਥਰ ਰੱਖਿਆ।