ਸਰਪੰਚ ਗ੍ਰਿਫ਼ਤਾਰ
ਪਟਿਆਲਾ, : ਪਟਿਆਲਾ ਦੇ ਨਜ਼ਦੀਕੀ ਪਿੰਡ ਸਿੱਧੂਵਾਲ ਦੇ ਸਰਪੰਚ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਪੋਲਿੰਗ ਸਟਾਫ਼ ਨਾਲ ਬਦਸਲੂਕੀ ਕੀਤੀ ਗਈ ਹੈ।
ਗੋਲੀਬਾਰੀ
ਤਲਵੰਡੀ ਸਾਬੋ, : ਅੱਜ ਸਵੇਰੇ ਤਲਵੰਡੀ ਸਾਬੋ ਦੇ ਇਕ ਪੋਲਿੰਗ ਬੂਥ 'ਤੇ ਵਾਪਰੀ ਗੋਲੀਬਾਰੀ ਦੀ ਘਟਨਾ 'ਚ ਹਲਕੇ ਦੇ ਸਾਬਕਾ ਵਿਧਾਇਕ ਅਗਵਾਈ 'ਚ ਲੱਗੇ ਧਰਨੇ ਉਪਰੰਤ ਆਖ਼ਰ ਪ੍ਰਸ਼ਾਸਨ ਨੇ ਗੋਡੇ ਟੇਕਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੇ ਪ੍ਰਧਾਨ ਖ਼ੁਸ਼ਬਾਜ਼ ਸਿੰਘ ਜਟਾਣਾ, ਤਲਵੰਡੀ ਸਾਬੋ ਦੇ ਚਾਰ ਕਾਂਗਰਸੀ ਕੌਂਸਲਰਾਂ ਅਜ਼ੀਜ਼ ਖਾਂ, ਨਸੀਬ ਸਿੰਘ, ਮੰਗੂ ਸਿੰਘ, ਹਰਵੰਸ ਸਿੰਘ, ਬਲਾਕ ਕਾਂਗਰਸ ਪ੍ਰਧਾਨ ਦਿਲਪ੍ਰੀਤ ਸਿੰਘ ਜਗਾ, ਸ਼ਹਿਰੀ ਕਾਂਗਰਸ ਪ੍ਰਧਾਨ ਲੱਕੀ ਤਲਵੰਡੀ ਵਿਰੁੱਧ ਇਰਾਦਾ ਕਤਲ, ਜਾਤੀ ਸ਼ਬਦ ਬੋਲਣ ਸਮੇਤ ਕਈ ਧਾਰਾਵਾਂ ਤਹਿਤ ਥਾਣਾ ਤਲਵੰਡੀ ਸਾਬੋ 'ਚ ਮਾਮਲਾ ਦਰਜ ਕਰ ਲਿਆ ਹੈ।
ਬਜ਼ੁਰਗ ਵਲੋਂ ਧਰਨਾ
ਖੰਨਾ, : ਖੰਨਾ ਦੇ ਪੋਲਿੰਗ ਬੂਥ ਨੰਬਰ-83 'ਚ ਇਕ 85 ਸਾਲਾ ਬੇਬੇ ਵਲੋਂ ਧਰਨਾ ਲਾ ਦਿਤਾ ਗਿਆ ਹੈ। ਜਾਣਕਾਰੀ ਮੁਤਾਬਕ 85 ਸਾਲਾ ਬਜ਼ੁਰਗ ਔਰਤ ਚੰਦਰਕਾਤਾਂ ਵਾਸੀ ਜਗਤ ਕਾਲੋਨੀ ਕਿਡਨੀ ਦੇ ਕੈਂਸਰ ਤੋਂ ਪੀੜਤ ਹੈ ਅਤੇ ਸਵੇਰ ਦੇ ਸਮੇਂ ਵੋਟ ਪਾਉਣ ਲਈ ਹਸਪਤਾਲ ਤੋਂ ਛੁੱਟੀ ਲੈ ਕੇ ਆਈ ਸੀ। ਜਦੋਂ ਬੇਬੇ ਨਰੋਤਮ ਵਿਦਿਆ ਮੰਦਰ ਸਕੂਲ 'ਚ ਬਣੇ ਪੋਲਿੰਗ ਬੂਥ 'ਤੇ ਵੋਟ ਪਾਉਣ ਪੁੱਜੀ ਤਾਂ ਉਸ ਨੇ ਦੇਖਿਆ ਕਿ ਵੋਟਰ ਸੂਚੀ 'ਚ ਉਸ ਦਾ ਨਾਂ ਹੀ ਗ਼ਾਇਬ ਹੈ, ਇਸ ਤੋਂ ਬਾਅਦ ਮਾਤਾ ਇੰਨੀ ਭੜਕ ਗਈ ਕਿ ਉਸ ਨੇ ਅਪਣੇ ਪਰਵਾਰ ਸਮੇਤ ਪੋਲਿੰਗ ਬੂਥ ਦੇ ਬਾਹਰ ਧਰਨਾ ਲਾ ਦਿਤਾ।
ਮਾਤਾ ਦਾ ਬੇਟਾ ਭਾਜਪਾ ਦਾ ਜ਼ਿਲ੍ਹਾ ਸਕੱਤਰ ਹੈ। ਮਾਤਾ ਦਾ ਕਹਿਣਾ ਹੈ ਕਿ ਉਹ ਅਪਣੇ ਵੋਟ ਦੇ ਹੱਕ ਨੂੰ ਵਿਅਰਥ ਨਹੀਂ ਜਾਣ ਦੇਵੇਗੀ। ਪਰਵਾਰਕ ਮੈਂਬਰਾਂ ਮੁਤਾਬਕ ਐਸ.ਐਚ.ਓ. ਸਿਟੀ ਗੁਰਮੇਲ ਸਿੰਘ ਨੇ ਉਨ੍ਹਾਂ ਨੂੰ ਧਰਨਾ ਚੁੱਕਣ ਦੀਆਂ ਧਮਕੀਆਂ ਵੀ ਦਿਤੀਆਂ ਹਨ। ਫਿਲਹਾਲ ਮੌਕੇ 'ਤੇ ਤਹਿਸੀਲਦਾਰ ਪੁੱਜੇ ਜਿਨ੍ਹਾਂ ਨੇ ਮਾਤਾ ਨੂੰ ਭਰੋਸਾ ਦਿਤਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਝੜਪ
ਲੁਧਿਆਣਾ, : ਵੋਟਾਂ ਪੈਣ ਦੌਰਾਨ ਸ਼ਹਿਰ ਦੇ 77-78 ਨੰਬਰ ਬੂਥ 'ਤੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਅਕਾਲੀ ਵਰਕਰਾਂ ਨੇ ਕਾਂਗਰਸੀ ਵਰਕਰਾਂ ਅਤੇ ਮੌਜੂਦਾ ਕੌਂਸਲਰ 'ਤੇ ਗੁੰਡਾਗਰਦੀ ਅਤੇ ਧੱਕੇਸ਼ਾਹੀ ਦੇ ਦੋਸ਼ ਲਾਏ। ਇਸ ਤੋਂ ਬਾਅਦ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਪੁੱਜੀ ਅਤੇ ਕਿਸੇ ਤਰ੍ਹਾਂ ਹਾਲਾਤ 'ਤੇ ਕਾਬੂ ਪਾਇਆ ਗਿਆ।
ਅਕਾਲੀ-ਕਾਂਗਰਸੀ ਉਲਝੇ
ਮੋਗਾ, : ਵਿਧਾਨ ਸਭਾ ਹਲਕਾ ਮੋਗਾ ਅਧੀਨ ਪੈਂਦੇ ਪਿੰਡ ਚੜਿੱਕ ਵਿਖੇ ਅੱਜ ਦੁਪਹਿਰ ਵੇਲੇ ਅਕਾਲੀ ਤੇ ਕਾਂਗਰਸੀਆਂ ਦੀ ਆਪਸ 'ਚ ਝੜਪ ਹੋ ਗਈ। ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸੀ ਵਰਕਰਾਂ ਨੇ ਬੜੀ ਬੇਰਿਹਮੀ ਨਾਲ ਅਕਾਲੀ ਵਰਕਰ ਬੱਘਰ ਸਿੰਘ ਦੀ ਕੁੱਟਮਾਰ ਕੀਤੀ, ਜਿਸ ਨੂੰ ਸਿਵਲ ਹਸਪਤਾਲ ਬਾਘਾਪੁਰਾਣਾ ਵਿਖੇ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਮੌਕੇ 'ਤੇ ਤਾਇਨਾਤ ਉਕਤ ਨੌਜਵਾਨਾਂ ਨੇ ਵੀ ਮਾਮਲੇ ਦੀ ਨਿਰਪੱਖ ਜਾਂਚ ਦੀ ਬਜਾਏ ਕਾਂਗਰਸੀਆਂ ਦਾ ਪੱਖ ਲਿਆ ਹੈ।
ਮਲੂਕਾ ਦੀ ਗੱਡੀ 'ਤੇ ਹਮਲਾ
ਬਠਿੰਡਾ, : ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਦੀ ਗੱਡੀ 'ਤੇ ਕੁੱਝ ਅਨਸਰਾਂ ਵਲੋਂ ਹਮਲਾ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮਲੂਕਾ ਦੀ ਗੱਡੀ 'ਤੇ ਇਹ ਹਮਲਾ ਬਠਿੰਡਾ ਦੇ ਪਿੰਡ ਕਾਂਗੜ ਵਿਚ ਹੋਇਆ। ਇਸ ਹਮਲੇ ਵਿਚ ਮਲੂਕਾ ਬਿਲਕੁੱਲ ਠੀਕ ਹਨ ਪਰ ਉਨ੍ਹਾਂ ਦੇ ਕੁੱਝ ਸਾਥੀ ਲਹੂ-ਲੁਹਾਨ ਹੋ ਗਏ ਹਨ। ਇਸ ਹਮਲੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਹੋ ਰਹੇ ਹਨ, ਕਿਉਂਕਿ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਦੇ ਦਾਅਵੇ ਕੀਤੇ ਗਏ ਸਨ, ਪਰ ਇਸ ਦੇ ਬਾਵਜੂਦ ਕਈ ਥਾਵਾਂ ਤੋਂ ਝੜਪਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਫ਼ਇਰਿੰਗ ਕਰਨ ਦੇ ਲਾਏ ਦੋਸ਼
ਤਲਵੰਡੀ ਸਾਬੋ, : ਤਲਵੰਡੀ ਸਾਬੋ ਦੇ ਵਾਰਡ ਨੰਬਰ 8 ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕੁੱਝ ਲੋਕਾਂ ਵਲੋਂ ਕਾਂਗਰਸ 'ਤੇ ਫ਼ਾਈਰਿੰਗ ਕਰਨ ਅਤੇ ਧੱਕਾਸ਼ਾਹੀ ਕਰਨ ਦੇ ਦੋਸ਼ ਲਗਾਏ ਗਏ ਹਨ, ਜਿਸ ਤੋਂ ਬਾਅਦ ਉਥੇ ਕੁਰਸੀਆਂ ਵੀ ਚੱਲੀਆਂ। ਫ਼ਾਇਰਿੰਗ ਤੋਂ ਬਾਅਦ ਭੜਕੇ ਲੋਕਾਂ ਨੇ ਉਥੇ ਜੰਮ ਕੇ ਹੰਗਾਮਾ ਕੀਤਾ ਅਤੇ ਕਾਂਗਰਸ ਵਿਰੁਧ ਨਾਹਰੇਬਾਜ਼ੀ ਵੀ, ਜਿਸ ਕਾਰਨ ਮੌਕੇ 'ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਅਕਾਲੀ ਲੀਡਰ ਮੌਕੇ 'ਤੇ ਪਹੁੰਚ ਗਏ।
ਕਾਂਗਰਸੀ ਸਮਰਥਕ 'ਤੇ ਜਾਨਲੇਵਾ ਹਮਲਾ, ਗੰਭੀਰ ਜ਼ਖ਼ਮੀ
ਫ਼ਿਰੋਜ਼ਪੁਰ, : ਪਿੰਡ ਰਾਮੇਵਾਲਾ 'ਚ ਅਕਾਲੀਆਂ ਨੂੰ ਵੋਟਰਾਂ ਨੂੰ ਲੁਭਾਉਣ ਤੋਂ ਰੋਕ ਰਹੇ ਕਾਂਗਰਸ ਸਮਰਥਕ ਨੰਬਰਦਾਰ 'ਤੇ ਅਕਾਲੀ ਸਮਰਥਕਾਂ ਵਲੋਂ ਜਾਨਲੇਵਾ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੰਭੀਰ ਤੌਰ 'ਤੇ ਜ਼ਖ਼ਮੀ ਹੋਏ ਕਾਂਗਰਸੀ ਵਰਕਰ ਦੀ ਪਛਾਣ ਅੰਗਰੇਜ਼ ਸਿੰਘ ਵਜੋਂ ਹੋਈ ਹੈ, ਜਿਸ ਨੂੰ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿਤਾ ਗਿਆ ਹੈ।
ਜ਼ਖ਼ਮੀ ਹਾਲਤ 'ਚ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਅੰਗਰੇਜ਼ ਸਿੰਘ ਨੰਬਰਦਾਰ ਨੇ ਦਸਿਆ ਕਿ ਉਹ ਅਪਣੇ ਪਰਵਾਰਕ ਮੈਂਬਰਾਂ ਨਾਲ ਮਿਲ ਕੇ ਵੋਟ ਪਾਉਣ ਗਿਆ ਸੀ, ਜਿਥੇ ਪਿੰਡ ਦੇ ਹੀ ਕੁਝ ਅਕਾਲੀ ਸਮਰਥਕ ਲੋਕ ਵੋਟਰਾਂ ਨੂੰ ਅਪਣੇ ਹੱਕ 'ਚ ਵੋਟਾਂ ਪਾਉਣ ਲਈ ਲੁਭਾ ਰਹੇ ਸਨ। ਉਸ ਵਲੋਂ ਅਜਿਹਾ ਕਰਨ ਤੋਂ ਰੋਕਣ 'ਤੇ ਉਨ੍ਹਾਂ ਨਾਲ ਉਸ ਦੀ ਤੂੰ-ਤੂੰ ਮੈਂ-ਮੈਂ ਹੋ ਗਈ। ਵੋਟ ਪਾਉਣ ਤੋਂ ਬਾਅਦ ਜਦੋਂ ਉਹ ਵਾਪਸ ਅਪਣੇ ਘਰ ਆ ਰਿਹਾ ਸੀ ਤਾਂ ਰਸਤੇ 'ਚ ਦੋ ਗੱਡੀਆਂ 'ਚ ਸਵਾਰ ਹੋ ਕੇ ਆਏ ਉਕਤ ਅਕਾਲੀ ਸਮਰਥਕਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਅਤੇ ਬੇਸਬੇਟਾਂ ਨਾਲ ਹਮਲਾ ਕਰ ਦਿਤਾ ਅਤੇ ਉਸ ਦੀ ਗੱਡੀ ਦੀ ਵੀ ਭੰਨਤੋੜ ਕੀਤੀ।
ਇਸ ਦੌਰਾਨ ਇਕ ਹਮਲਾਵਰ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਸੱਜੀ ਲੱਤ ਨੂੰ ਜ਼ਖ਼ਮੀ ਕਰ ਦਿਤਾ।
ਕਾਂਗਰਸੀ ਆਪਸ 'ਚ ਈ ਭਿੜੇ
ਗੁਰਦਾਸਪੁਰ, : ਗੁਰਦਾਸਪੁਰ ਸਦਰ ਪੁਲਿਸ ਸਟੇਸ਼ਨ ਅਧੀਨ ਆਉਂਦੇ ਪਿੰਡ ਕੋਟ ਮੋਹਨ ਲਾਲ 'ਚ ਕਾਂਗਰਸੀਆਂ ਦੀ ਆਪਸ 'ਚ ਝੜਪ ਹੋ ਗਈ। ਇਸ ਝੜਪ 'ਚ 4 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਗੁਰਦਾਸਪੁਰ ਦੇ ਇਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਗੁਰਦਾਸਪੁਰ ਹਸਪਤਾਲ 'ਚ ਦਾਖ਼ਲ ਰਾਜੀਵ ਕੁਮਾਰ ਅਤੇ ਪ੍ਰਦੀਪ ਕੁਮਾਰ ਪੁੱਤਰ ਅਸ਼ੋਕ ਕੁਮਾਰ ਨਿਵਾਸੀ ਪਿੰਡ ਕੋਟ ਮੋਹਨ ਲਾਲ ਨੇ ਦੋਸ਼ ਲਗਾਇਆ ਕਿ ਉਹ ਦੋਵੇਂ ਭਰਾ ਅੱਜ ਸਵੇਰੇ ਵੋਟ ਪਾਉਣ ਦੇ ਲਈ ਜਾ ਰਹੇ ਸੀ ਤਾਂ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਅਸ਼ੋਕ ਕੁਮਾਰ ਨੇ ਅਪਣੇ 6-7 ਸਾਥੀਆਂ ਸਮੇਤ ਹਮਲਾ ਕਰ ਦਿਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ ਤੇ ਲੋਕਾਂ ਨੇ ਸਾਨੂੰ ਹਸਪਤਾਲ ਪਹੁੰਚਾਇਆ। ਦੂਜੇ ਗੁੱਟ ਦੇ ਸਰਪੰਚ ਅਸ਼ੋਕ ਸ਼ਰਮਾ ਦੇ ਲੜਕੇ ਸੁਨੀਲ ਕੁਮਾਰ ਅਤੇ ਸਿਕੰਦਰ ਸ਼ਰਮਾ ਪੁੱਤਰ ਸਤੀਸ ਸ਼ਰਮਾ ਨੇ ਦਸਿਆ ਕਿ ਅੱਜ ਸਵੇਰੇ ਉਹ ਅਪਣੇ ਤਾਏ ਦੇ ਘਰ ਦੇ ਬਾਹਰ ਖੜੇ ਸੀ ਕਿ ਕੁਝ ਦੂਰੀ 'ਤੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਵੋਟਿੰਗ ਹੋ ਰਹੀ ਸੀ। ਇਸੇ ਦੌਰਾਨ ਰਸਤੇ 'ਚ ਸਾਡੇ ਵਿਰੋਧੀ ਰਾਜੀਵ ਕੁਮਾਰ ਅਤੇ ਪ੍ਰਦੀਪ ਕੁਮਾਰ ਨੇ ਸਾਡੇ ਪਿਤਾ ਨਾਲ ਹੱਥੋਂਪਾਈ ਸ਼ੁਰੂ ਕਰ ਦਿਤੀ ਜਦ ਅਸੀਂ ਉਨ੍ਹਾਂ ਨੂੰ ਰੋਕਿਆ ਤਾਂ ਇਨ੍ਹਾਂ ਨੇ ਸਾਡੇ 'ਤੇ ਹਮਲਾ ਕਰ ਦਿਤਾ।
ਵੋਟ ਪਾਉਣ ਜਾ ਰਹੇ ਨੌਜਵਾਨ ਦਾ ਕਤਲ
ਖਡੂਰ ਸਾਹਿਬ, ਮੀਆਵਿੰਡ, : ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਸਰਲੀ ਕਲਾ ਵਿਖੇ ਵੋਟ ਪਾਉਣ ਜਾ ਰਹੇ ਨੌਜਵਾਨ ਦਾ ਕਤਲ ਕਰ ਦਿਤਾ ਗਿਆ। ਜਾਣਕਾਰੀ ਅਨੁਸਾਰ ਬੰਟੀ ਸਿੰਘ ਪੁੱਤਰ ਚਰਨਜੀਤ ਸਿੰਘ ਅਪਣੇ ਘਰ ਤੋਂ ਵੋਟ ਪਾਉਣ ਜਾ ਰਿਹਾ ਸੀ ਕਿ ਘਰ ਦੇ ਬਾਹਰ ਹੀ ਪਿੰਡ ਦੇ ਕੁਝ ਨੌਜਵਾਨਾਂ ਨੇ ਦਾਤਰ ਨਾਲ ਧੌਣ 'ਤੇ ਹਮਲਾ ਕਰ ਕੇ ਬੰਟੀ ਸਿੰਘ ਦਾ ਕਤਲ ਕਰ ਦਿਤਾ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਮੌਕੇ 'ਤੇ ਪੁੱਜੀ ਸਥਾਨਕ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਬੰਟੀ ਸਿੰਘ ਦਾ ਕਤਲ ਕਿਉਂ ਕੀਤਾ ਗਿਆ ਹੈ, ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਕਾਲੀ ਉਮੀਦਵਾਰ ਦਾ ਬੂਥ ਤੋੜਿਆ
ਭੋਗਪੁਰ, : ਇਥੋਂ ਦੇ ਨੇੜਲੇ ਦੇ ਲੜੋਈ ਪਿੰਡ 'ਚ ਕਾਂਗਰਸੀਆਂ ਅਤੇ ਅਕਾਲੀਆਂ 'ਚ ਝੜਪ ਹੋਣ ਦੀ ਸੂਚਨਾ ਮਿਲੀ ਹੈ। ਉਥੇ ਮੌਜੂਦ ਸ਼ਰਾਰਤੀ ਅਨਸਰਾਂ ਨੇ ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦਾ ਬੂਥ ਵੀ ਤੋੜ ਦਿਤਾ। ਮੌਕੇ 'ਤੇ ਪੁੱਜੀ ਪੁਲਿਸ ਨੇ ਮਾਹੌਲ ਨੂੰ ਸ਼ਾਂਤ ਕੀਤਾ ਪਰ ਫਿਰ ਵੀ ਬੂਥ 'ਤੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।
ਪੋਲਿੰਗ ਬੂਥ 'ਤੇ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਪੁਲਿਸ ਪਾਰਟੀ ਨੂੰ ਬਦਲਿਆ
ਹੁਸ਼ਿਆਰਪੁਰ, : ਲੋਕ ਸਭਾ ਚੋਣਾਂ ਲਈ ਅੱਜ ਚੱਲ ਰਹੀ ਮਤਦਾਨ ਪ੍ਰਕ੍ਰਿਆ ਦੌਰਾਨ ਵੋਟ ਪਾਉਣ ਸਮੇਂ ਮੋਬਾਇਲ ਤੋਂ ਬਣਾਈ ਵੀਡੀਉ ਵਾਇਰਲ ਹੋਣ 'ਤੇ ਸਬੰਧਤ ਬੂਥ ਦੀ ਮੌਕੇ 'ਤੇ ਜਾ ਕੇ ਪੜਤਾਲ ਉਪਰੰਤ ਕਾਰਵਾਈ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਰਿਟਰਨਿੰਗ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਵਲੋਂ ਬੂਥ ਦੇ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਪੁਲਿਸ ਪਾਰਟੀ ਨੂੰ ਬਦਲ ਦਿਤਾ ਗਿਆ ਹੈ।
ਸ਼੍ਰੀਮਤੀ ਈਸ਼ਾ ਕਾਲੀਆ ਨੇ ਦਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਪੋਲਿੰਗ ਬੂਥ 'ਤੇ ਮੋਬਾਇਲ ਲਿਜਾਣ 'ਤੇ ਰੋਕ ਲਗਾਈ ਗਈ ਹੈ, ਪਰ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਅਧੀਨ ਵੋਟ ਪਾਉਣ ਸਮੇਂ ਵੀਡੀਉ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦਸਿਆ ਕਿ ਵਾਇਰਲ ਹੋਈ ਇਸ ਵੀਡੀਓ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਵੀਡੀਉ 043-ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਟਾਊਨ ਹਾਲ (ਪੁਰਾਣਾ ਕਮੇਟੀ ਦਫ਼ਤਰ) ਦੇ ਬੂਥ ਨੰਬਰ 102 ਦੀ ਹੈ। ਉਨ੍ਹਾਂ ਦਸਿਆ ਕਿ ਬੂਥ ਦਾ ਦੌਰਾ ਕਰ ਕੇ ਜਾਂਚ ਕੀਤੀ ਗਈ ਅਤੇ ਕੋਤਾਹੀ ਸਾਹਮਣੇ ਆਉਣ 'ਤੇ ਤੁਰਤ ਪ੍ਰੀਜ਼ਾਈਡਿੰਗ ਅਫ਼ਸਰ ਨੂੰ ਬਦਲ ਦਿਤਾ ਗਿਆ ਹੈ। ਇਸ ਤੋਂ ਇਲਾਵਾ ਐਸ.ਐਸ.ਪੀ. ਹੁਸ਼ਿਆਰਪੁਰ ਰਾਹੀਂ ਬੂਥ 'ਤੇ ਤਾਇਨਾਤ ਪੁਲਿਸ ਪਾਰਟੀ ਨੂੰ ਵੀ ਤੁਰੰਤ ਬਦਲ ਦਿੱਤਾ ਗਿਆ ਹੈ। ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਪੋਲਿੰਗ ਸਟੇਸ਼ਨ ਦੇ ਅੰਦਰ ਪ੍ਰੀਜ਼ਾਈਡਿੰਗ ਅਫ਼ਸਰ ਤੋਂ ਇਲਾਵਾ ਹੋਰ ਕਿਸੇ ਦੇ ਵੀ ਮੋਬਾਇਲ ਫੋਨ ਲਿਜਾਣ 'ਤੇ ਰੋਕ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਪ੍ਰੀਜ਼ਾਈਡਿੰਗ ਅਫ਼ਸਰਾਂ ਸਮੇਤ ਚੋਣ ਅਮਲੇ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀਡੀਓ ਵਾਇਰਲ ਹੋਣ 'ਤੇ ਤੁਰੰਤ ਸਬੰਧਤ ਅਮਲੇ ਖਿਲਾਫ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੋਣਾਂ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ ਅਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਸਹਿਣ ਨਹੀਂ ਕੀਤੀ ਜਾਵੇਗੀ।