ਅੰਮ੍ਰਿਤਸਰ : ਪੁਲਿਸ ਥਾਣਾ ਘਰਿੰਡਾ ਵਲੋਂ ਪਿਛਲੇ ਦਿਨੀਂ ਫੜੇ ਗਏ ਫ਼ੌਜੀ ਜਸੂਸ ਗਰੋਹ ਦੇ ਤੀਸਰੇ ਮੈਂਬਰ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਫੜਿਆ ਗਿਆ ਤੀਸਰਾ ਦੋਸ਼ੀ ਵੀ ਭਾਰਤੀ ਫ਼ੌਜ ਦਾ ਜਵਾਨ ਦਸਿਆ ਜਾਂਦਾ ਹੈ। ਇਸ ਤੋਂ ਪਹਿਲਾਂ ਇਕ ਸਮਗਲਰ ਨੂੰ ਹੈਰੋਇਨ ਅਤੇ ਪਾਕਿਸਤਾਨੀ ਸਿੰਮ ਮੋਬਾਈਲ ਸਮੇਤ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਾ ਹੈ। ਖ਼ਬਰ ਲਿਖੇ ਜਾਣ ਤਕ ਕਥਿਤ ਦੋਸ਼ੀ ਪਾਸੋਂ ਪੁੱਛਗਿਛ ਜਾਰੀ ਸੀ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਕ ਵਿਅਕਤੀ ਨੂੰ ਸ਼ੱਕੀ ਦਸਤਾਵੇਜ਼ਾਂ ਨਾਲ ਸਰਹੱਦ ਦੇ ਨੇੜਿਉਂ ਫੜ੍ਹਿਆ ਸੀ ਤੇ ਉਸ ਤੋਂ ਪਤਾ ਲੱਗਾ ਸੀ ਕਿ ਇਨ੍ਹਾਂ ਦਾ ਵੱਡਾ ਗਰੋਹ ਹੈ ਜਿਹੜਾ ਚੰਦ ਪੈਸਿਆਂ ਖ਼ਾਤਰ ਭਾਰਤੀ ਫ਼ੌਜ ਦੀ ਜਾਸੂਸੀ ਕਰਦਾ ਹੈ।