ਚੰਡੀਗੜ੍ਹ : ਕੋਟਕਪੁਰਾ ਗ਼ੋਲੀ ਕਾਂਡ ਬਾਰੇ ਹਾਈ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਚੱਲ ਰਿਹਾ ਕਾਟੋ-ਕਲੇਸ਼ ਹੋਰ ਵੱਧ ਗਿਆ ਹੈ। ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਹਮਲੇ ਕਰ ਰਹੇ ਹਨ। ਉੱਥੇ ਮੁੱਖ ਮੰਤਰੀ ਦੇ ਸਮਰਥਕ ਮੰਤਰੀਆਂ, ਵਿਧਾਇਕਾਂ ਨੇ ਨਵਜੋਤ ਸਿੱਧੂ ਦੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਲਈ ਪਾਰਟੀ ਹਾਈਕਮਾਨ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕੈਪਟਨ ਖੇਮੇ ਨੇ ਇਹ ਵੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਨਵਜੋਤ ਸਿੱਧੂ ਨਾਲ ਮੰਤਰੀਆਂ, ਵਿਧਾਇਕਾਂ ਤੇ ਹੋਰ ਕਾਂਗਰਸੀ ਆਗੂਆਂ ਨੂੰ ਨਾ ਜੁੜਨ ਦਿੱਤਾ ਜਾਵੇ। ਕਾਂਗਰਸ ਅੰਦਰ ਇਹ ਆਵਾਜ਼ਾਂ ਵੀ ਉਠਣੀਆਂ ਸ਼ੁਰੂ ਹੋ ਗਈਆਂ ਹਨ ਕਿ ਜੇਕਰ ਕੋਈ ਬਦਲਾਅ ਕੀਤੇ ਜਾਣੇ ਹਨ ਤਾਂ ਉਸ ’ਚ ਟਕਸਾਲੀ ਆਗੂਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਬਾਜਵਾ, ਬਿੱਟੂ, ਰੰਧਾਵਾ, ਚੰਨੀ, ਕਾਂਗੜ ਨੇ ਕੀਤੀ ਗੁਪਤ ਮੀਟਿੰਗ
ਅੱਜ ਤਿੰਨ ਮੰਤਰੀਆਂ ਨੇ ਨਵਜੋਤ ਸਿੱਧੂ ਵੱਲੋਂ ਲਗਾਤਾਰ ਮੁੱਖ ਮੰਤਰੀ ’ਤੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ ਵਿਚ ਜਿੱਥੇ ਹਾਈਕਮਾਨ ਤੋਂ ਸਿੱਧੂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉੱਥੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਗੁਰਪ੍ਰੀਤ ਸਿੰਘ ਕਾਂਗੜ, ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਰਵਨੀਤ ਸਿੰਘ ਬਿੱਟੂ ਤੇ ਹੋਰਨਾਂ ਵਿਚਾਲੇ ਸੈਕਟਰ 39 ’ਚ ਇਕ ਗੁਪਤ ਮੀਟਿੰਗ ਵੀ ਹੋਈ। ਸੂਤਰ ਦੱਸਦੇ ਹਨ ਕਿ ਇਨ੍ਹਾਂ ਟਕਸਾਲੀ ਆਗੂਆਂ ਨੇ ਬੇਅਦਬੀ, ਬਰਗਾੜੀ ਤੇ ਕੋਟਕਪੂਰਾ ਕਾਂਡ ਦੇ ਮਾਮਲੇ ਨੂੰ ਜਲਦੀ ਹੱਲ ਕਰਨ ਲਈ ਮੁੱਖ ਮੰਤਰੀ ’ਤੇ ਦਬਾਅ ਬਣਾਉਣ ਲਈ ਚਰਚਾ ਕੀਤੀ। ਕਾਂਗਰਸੀ ਆਗੂ ਮਹਿਸੂਸ ਕਰਨ ਲੱਗੇ ਹਨ ਕਿ ਜੇਕਰ ਬੇਅਦਬੀ ਮਾਮਲੇ ਦਾ ਜਲਦ ਹੱਲ ਨਾ ਕੱਢਿਆ ਗਿਆ ਤਾਂ ਅਗਲੀਆਂ ਚੋਣਾਂ ਵਿਚ ਪਾਰਟੀ ਲਈ ਸੰਕਟ ਖੜ੍ਹਾ ਹੋ ਸਕਦਾ ਹੈ। ਸੰਸਦ ਮੈਂਬਰ ਰਵਨੀਤ ਬਿੱਟੂ ਨੇ ਇਥੋਂ ਤਕ ਕਹਿ ਦਿੱਤਾ ਕਿ ਟਕਸਾਲੀ ਕਾਂਗਰਸੀਆਂ ਨੂੰ ਪਾਰਟੀ ਦਾ ਨੁਕਸਾਨ ਹੋਣ ਦੀ ਚਿੰਤਾ ਹੈ। ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਬਦਲਣ ਦੀ ਕੀ ਲੋੜ ਹੈ, ਇਹ ਮੁੱਖ ਮੰਤਰੀ (ਕੈਪਟਨ) ਹੀ ਲੋਕਾਂ ਨੂੰ ਇਨਸਾਫ਼ ਦੇਣ। ਬਿੱਟੂ ਨੇ ਕਿਹਾ ਕਿ ਭਾਵੇਂ ਨਸ਼ੇ ਦੇ ਮੁੱਦੇ ’ਤੇ ਚੰਗਾ ਕੰਮ ਹੋਇਆ ਪਰ ਐੱਸਟੀਐੱਫ ਦੀ ਰਿਪੋਰਟ ਜਨਤਕ ਹੋਣੀ ਚਾਹੀਦੀ ਹੈ। ਮੀਟਿੰਗ ਵਿਚ ਭਾਵੇਂ ਬੇਅਦਬੀ ਦੇ ਮੁੱਦੇ ਨੂੰ ਜਲਦ ਸੁਲਝਾਉਣ ਲਈ ਕੈਪਟਨ ਅਮਰਿੰਦਰ ਸਿੰਘ ’ਤੇ ਦਬਾਅ ਬਣਾਉਣ ਬਾਰੇ ਚਰਚਾ ਕੀਤੀ ਗਈ, ਪਰ ਨਾਲ ਹੀ ਪਾਰਟੀ ਅੰਦਰ ਸਿੱਧੂ ਨੂੰ ਵੱਡਾ ਅਹੁਦਾ ਦੇਣ ਦੀ ਬਜਾਏ ਟਕਸਾਲੀ ਕਾਂਗਰਸੀਆਂ ਨੂੰ ਨਜ਼ਰਅੰਦਾਜ਼ ਨਾ ਕਰਨ ਦਾ ਮੁੱਦਾ ਵੀ ਚੁੱਕਿਆ ਗਿਆ।