ਰਾਜਾਸਾਂਸੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਅਚਾਨਕ ਮੌਸਮ ਖ਼ਰਾਬ ਹੋਣ ਕਾਰਨ ਉਦੇਪੁਰ ਤੋਂ ਦਿੱਲੀ ਦੇ ਹਵਾਈ ਅੱਡੇ 'ਤੇ ਪੁੱਜਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਤਬਦੀਲ ਕਰਦਿਆਂ ਅੰਮ੍ਰਿਤਸਰ ਉਤਾਰਿਆ ਗਿਆ। ਏਅਰ ਇੰਡੀਆ ਦੀ ਉਡਾਣ ਨੰ: 472 ਜੋ ਕਿ ਉਦੇਪੁਰ ਤੋਂ ਦਿੱਲੀ ਨੂੰ ਰਵਾਨਾ ਹੋਈ ਸੀ, ਮੌਸਮ ਖ਼ਰਾਬ ਹੋਣ ਕਾਰਨ ਉਕਤ ਉਡਾਣ ਦਾ ਮੁੱਖ ਮੋੜਦਿਆਂ ਅੰਮ੍ਰਿਤਸਰ ਦੇ ਸ੍ਰੀ ਗਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਉਤਾਰਨਾ ਪਿਆ। ਤਾਸ਼ਕੰਦ ਤੋਂ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਉਜੇਬਿਕਸਿਤਾਨ ਦੀ ਉਡਾਣ ਨੰ: ਐੱਚ ਵਾਈ 423 18 ਮਈ ਨੂੰ ਅਤੇ 19 ਨੂੰ ਪੁੱਜਣ ਵਾਲੀ ਐੱਚ ਵਾਈ 422/21 ਨੂੰ ਦੋ ਦਿਨ ਲਈ ਤਕਨੀਕੀ ਖ਼ਰਾਬੀ ਕਾਰਨ ਰੱਦ ਕਰ ਦਿਤੀ ਗਈ। ਦਿੱਲੀ ਤੋਂ ਇਥੇ ਸ਼ਾਮ 7 ਵਜੇ ਪੁੱਜਣ ਵਾਲੀ ਏਅਰ ਇੰਡੀਆ ਦੀ ਘਰੇਲੂ ਉਡਾਣ ਅਪਣੇ ਨਿਰਧਾਰਤ ਸਮੇਂ ਤੋਂ 1 ਘੰਟਾ ਪਛੜ ਕੇ ਕਰੀਬ 8 ਵਜੇ ਪੁੱਜੀ।