ਨਿਊ ਯਾਰਕ (ਏਜੰਸੀਆਂ) : ਕੈਨੇਡਾ ਵਿਚ ਕਿਰਤੀਆਂ ਨੂੰ ਰੁਜ਼ਗਾਰ ਲੱਭਣਾ ਔਖਾ ਹੋ ਰਿਹਾ ਹੈ ਪਰ ਅਮਰੀਕਾ ਵਿਚ ਕੰਪਨੀਆਂ ਨੂੰ ਕਿਰਤੀ ਲੱਭਣੇ ਔਖੇ ਹੋ ਰਹੇ ਹਨ। ਅਪ੍ਰੈਲ ਦੌਰਾਨ ਅਮਰੀਕਾ ਵਿਚ ਰੁਜ਼ਗਾਰ ਦੇ 2 ਲੱਖ 66 ਹਜ਼ਾਰ ਨਵੇਂ ਮੌਕੇ ਪੈਦਾ ਹੋਏ ਪਰ ਹਜ਼ਾਰਾਂ ਨੌਕਰੀਆਂ ਵਾਸਤੇ ਕੰਪਨੀਆਂ ਨੂੰ ਕਿਰਤੀ ਨਹੀਂ ਮਿਲੇ। ਵੈਕਸੀਨੇਸ਼ਨ ਤੇਜ਼ ਹੋਣ ਮਗਰੋਂ ਅਮਰੀਕਾ ਵਿਚ ਬੰਦਿਸ਼ਾਂ ਖ਼ਤਮ ਹੋ ਰਹੀਆਂ ਹਨ ਅਤੇ ਅਰਥਚਾਰਾ ਤੇਜ਼ੀ ਨਾਲ ਉਪਰ ਉਠ ਰਿਹਾ ਹੈ। ਦੂਜੇ ਪਾਸੇ ਫ਼ੈਡਰਲ ਸਰਕਾਰ ਤੋਂ 1400 ਡਾਲਰ ਦੀ ਆਰਥਿਕ ਸਹਾਇਤਾ ਨੇ ਵੀ ਅਮਰੀਕੀਆਂ ਨੂੰ ਰਾਹਤ ਪਹੁੰਚਾਈ ਹੈ। ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਸੈਰ-ਸਪਾਟੇ ’ਤੇ ਰੋਕ ਅਤੇ ਰੈਸਟੋਰੈਂਟ ਬੰਦ ਰਹਿਣ ਕਾਰਨ ਲੋਕਾਂ ਦੇ ਹਜ਼ਾਰਾਂ ਡਾਲਰ ਬਚ ਗਏ ਅਤੇ ਹੁਣ ਉਨ੍ਹਾਂ ਵੱਲੋਂ ਇਹ ਰਕਮ ਨਵੀਆਂ ਕਾਰਾਂ ਖਰੀਦਣ, ਰੈਸਟੋਰੈਂਟਸ ਵਿਚ ਜਾਣ ਅਤੇ ਏਅਰ ਟਿਕਟਸ ’ਤੇ ਖ਼ਰਚ ਕੀਤੀ ਜਾ ਰਹੀ ਹੈ।