ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੋਗਤਾ ਅਧਾਰਿਤ ਅਤੇ ਅੰਕ ਅਧਾਰਿਤ ਇਕ ਨਵੀਂ ਇਮੀਗ੍ਰੇਸ਼ਨ ਨੀਤੀ ਪੇਸ਼ ਕੀਤੀ ਹੈ ਜਿਸ ਦੇ ਤਹਿਤ ਮੌਜੂਦਾ ਗ੍ਰੀਨ ਕਾਰਡ ਦੀ ਜਗ੍ਹਾ 'ਬਿਲਡ ਅਮਰੀਕਾ' ਵੀਜ਼ਾ ਲਿਆਉਣ ਦਾ ਪ੍ਰਸਤਾਵ ਰਖਿਆ ਗਿਆ ਹੈ। ਇਸ ਨੀਤੀ ਤਹਿਤ ਨੌਜਵਾਨ ਅਤੇ ਉੱਚ ਹੁਨਰਮੰਦਾਂ ਲਈ ਵੀਜ਼ਾ ਰਿਜ਼ਰਵੇਸ਼ਨ 12 ਫ਼ੀ ਸਦੀ ਤੋਂ ਵੱਧ ਕੇ 57 ਫ਼ੀ ਸਦੀ ਹੋ ਜਾਵੇਗਾ। ਇਸ ਕਦਮ ਨਾਲ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਲਾਭ ਹੋਣ ਦੀ ਉਮੀਦ ਹੈ। ਟਰੰਪ ਨੇ ਕਿਹਾ ਕਿ ਜਾਇਜ਼ ਇਮੀਗ੍ਰੇਸ਼ਨ ਦੀ ਮੌਜੂਦਾ ਪ੍ਰਣਾਲੀ ਪੂਰੇ ਦੇਸ਼ ਦੇ ਸ਼ਾਨਦਾਰ ਹੁਮਰਮੰਦਾਂ ਨੂੰ ਬਰਕਰਾਰ ਰੱਖਣ ਵਿਚ ਨਾਕਾਮ ਰਹੀ ਹੈ। ਰਾਸ਼ਟਰਪਤੀ ਨੇ ਕਿਹਾਕਿ ਉਹ ਯੋਗਤਾ ਅਧਾਰਤ ਇਮੀਗ੍ਰੇਸ਼ਨ ਪ੍ਰਣਾਲੀ ਦਾ ਪ੍ਰਸਤਾਵ ਰੱਖ ਰਹੇ ਹਨ ਜਿਸ ਦੇ ਤਹਿਤ ਸਥਾਈ ਕਾਨੂੰਨ ਆਵਾਸ ਉਮਰ, ਗਿਆਨ, ਰੁਜ਼ਗਾਰ ਦੇ ਘਰ ਦੇ ਆਧਾਰ 'ਤੇ ਉਨ੍ਹਾਂ ਲੋਕਾਂ ਨੂੰ ਦਿਤਾ ਜਾਵੇਗਾ ਜੋ ਨਾਗਰਿਕ ਦੇ ਤੌਰ 'ਤੇ ਅਪਣੀ ਜ਼ਿੰਮੇਵਾਰੀ ਸਮਝਦੇ ਹੋਣ। ਇਸ ਤੋਂ ਇਲਾਵਾ ਪ੍ਰਸਤਾਵਿਤ ਪ੍ਰਣਾਲੀ ਦੇ ਤਹਿਤ ਇਮੀਗ੍ਰੇਸ਼ਨਾਂ ਨੂੰ ਅੰਗਰੇਜ਼ੀ ਸਿੱਖਣੀ ਹੋਵੇਗੀ ਅਤੇ ਦਾਖਲੇ ਤੋਂ ਪਹਿਲਾਂ ਨਾਗਰਿਕ ਸ਼ਾਸਤਰ ਦੀ ਪ੍ਰੀਖਿਆ ਵਿਚ ਪਾਸ ਹੋਣਾ ਹੋਵੇਗਾ। ਅਮਰੀਕਾ ਹਰ ਸਾਲ ਤਕਰੀਬਨ 11 ਲੱਖ ਗ੍ਰੀਨ ਕਾਰਡ ਜਾਰੀ ਕਰਦਾ ਹੈ। ਇਸ ਕਾਰਡ ਦੇ ਤਹਿਤ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਵਿਚ ਪੂਰੀ ਜ਼ਿੰਦਗੀ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ ਅਤੇ ਇਹ ਉਨ੍ਹਾਂ ਨੂੰ ਪੰਜ ਸਾਲ ਵਿਚ ਨਾਗਰਿਕਤਾ ਦਾ ਰਸਤਾ ਮੁਹੱਈਆ ਕਰਵਾਉਂਦਾ ਹੈ।
ਮੌਜੂਦਾ ਵਿਵਸਥਾ ਤਹਿਤ ਜ਼ਿਆਦਾਤਰ ਕਾਰਡ ਪਰਿਵਾਰਕ ਸਬੰਧਾਂ ਅਤੇ ਵਿਭਿੰਨਤਾ ਵੀਜ਼ਾ ਦੇ ਆਧਾਰ 'ਤੇ ਜਾਰੀ ਕੀਤੇ ਜਾਂਦੇ ਹਨ ਅਤੇ ਪੇਸ਼ੇਵਰਾਂ ਤੇ ਉੱਚ ਹਨਰਮੰਦ ਲੋਕਾਂ ਨੂੰ ਬਹੁਤ ਘੱਟ ਵੀਜ਼ਾ ਮਿਲਦੇ ਹਨ। ਟਰੰਪ ਨੇ ਕਿਹਾ ਕਿ ਉਹ ਇਸ ਵਿਵਸਥਾ ਨੂੰ ਬਦਲਣਾ ਚਾਹੁੰਦੇ ਹਨ। ਇਸ ਕਦਮ ਨਾਲ ਉਨ੍ਹਾਂ ਸੈਂਕੜੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਅਤੇ ਹੁਨਰਮੰਦ ਮੁਲਾਜ਼ਮਾਂ ਨੂੰ ਲਾਭ ਹੋਣ ਦੀ ਉਮੀਦ ਹੈ ਜੋ ਔਸਤਨ ਤਕਰੀਬਨ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਗ੍ਰੀਨ ਕਾਰਡ ਲਈ ਉਡੀਕ ਕਰ ਰਹੇ ਹਨ। ਵ੍ਹਾਈਟ ਹਾਊਸ ਵਲੋਂ ਹਰ ਸਾਲ ਵੰਡੇ ਜਾਣ ਵਾਲੇ ਗ੍ਰੀਨ ਕਾਰਡਾਂ ਦੀ ਗਿਣਤੀ ਵਿਚ ਬਦਲਾਅ ਕਰਨ ਦੀ ਯੋਜਨਾ ਨਹੀਂ ਹੈ। ਪ੍ਰਸਤਾਵਿਤ ਸੁਧਾਰਾਂ 'ਤੇ ਆਈ ਪ੍ਰਤੀਕਿਰਿਆ ਇਸ ਮਾਮਲੇ 'ਤੇ ਵੱਡੀ ਰਾਜਨੀਤਕ ਵੰਡ ਨੂੰ ਦਰਸਾਉਂਦੀ ਹੈ।