20700000 ਵੋਟਰਾਂ ਲਈ ਬਣਾਏ 23213 ਪੋਲਿੰਗ ਬੂਥ
|
ਚੰਡੀਗੜ੍ਹ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਆਖ਼ਰੀ ਗੇੜ ਵਿਚ ਐਤਵਾਰ ਨੂੰ ਪੈਣ ਵਾਲੀਆਂ ਵੋਟਾਂ ਵਾਸਤੇ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਉਮੀਦਵਾਰਾਂ ਵਲੋਂ ਕੀਤਾ ਜਾ ਰਿਹਾ ਖੁਲ੍ਹਾ ਪ੍ਰਚਾਰ ਸ਼ਾਮ ਛੇ ਵਜੇ ਬੰਦ ਹੋ ਗਿਆ। ਪੰਜਾਬ ਵਿਚ 20700000 ਵੋਟਰਾਂ ਲਈ ਬਣਾਏ 23213 ਪੋਲਿੰਗ ਬੂਥਾਂ ਉਤੇ ਸਿਵਲ ਸਟਾਫ਼ 125000 ਅਤੇ ਕੇਂਦਰੀ ਫ਼ੋਰਸ ਦੀਆਂ 215 ਕੰਪਨੀਆਂ ਦੇ ਜਵਾਨ ਤੇ 75000 ਦੇ ਕਰੀਬ ਪੰਜਾਬ ਪੁਲਿਸ ਦੇ ਸਿਪਾਹੀ ਤੈਨਾਤ ਕੀਤੇ ਗਏ ਹਨ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਕਰਨਾ ਰਾਜੂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਚੋਣਾਂ ਦੇ ਵਧੀਆ ਪ੍ਰਬੰਧ ਲਈ ਅਤੇ ਸਟਾਫ਼ ਸਮੇਤ ਸੁਰੱਖਿਆ ਬਲਾਂ ਦੇ ਖ਼ਰਚੇ ਲਈ ਚੋਣ ਕਮਿਸ਼ਨ ਵਲੋਂ 203 ਕਰੋੜ ਦੇ ਖ਼ਰਚੇ ਦਾ ਬਜਟ ਪੰਜਾਬ ਸਰਕਾਰ ਤੋਂ ਪ੍ਰਵਾਨ ਕਰਾਇਆ ਸੀ ਇਸ ਨੂੰ ਵਧਾ ਕੇ ਹੁਣ 243 ਕਰੋੜ ਦਾ ਕੀਤਾ ਹੈ ਅਤੇ ਚੋਣਾਂ ਮਗਰੋਂ ਇਹ ਖ਼ਰਚਾ 300 ਕਰੋੜ ਤਕ ਪਹੁੰਚਣ ਦਾ ਵੀ ਅੰਦਾਜ਼ਾ ਹੈ। ਉਨ੍ਹਾਂ ਦਸਿਆ ਕਿ ਇਹ ਖ਼ਰਚਾ ਬਾਅਦ ਵਿਚ ਨਿਯਮਾਂ ਮੁਤਾਬਕ ਕੇਂਦਰ ਸਰਕਾਰ ਤੋਂ ਲੈ ਲਿਆ ਜਾਵੇਗਾ।
ਉਨ੍ਹਾਂ ਦਸਿਆ ਕਿ ਸੂਬੇ ਵਿਚ ਲਾਈਸੈਂਸ ਸ਼ੁਦਾ 375000 ਹਥਿਆਰਾਂ ਵਿਚੋਂ 363000 ਹਥਿਆਰ ਜਮ੍ਹਾਂ ਕਰਾ ਲਏ ਗਏ ਹਨ। ਚੋਣ ਮੈਦਾਨ ਵਿਚ 278 ਉਮੀਦਵਾਰਾਂ ਵਿਚੋਂ 24 ਮਹਿਲਾਵਾਂ ਹਨ ਅਤੇ ਸੱਭ ਤੋਂ ਘਟ ਉਮੀਦਵਾਰ 8 ਹੁਸ਼ਿਆਰਪੁਰ ਸੀਟ 'ਤੇ ਅਤੇ ਸਭ ਤੋਂ ਵੱਧ 31 ਉਮੀਦਵਾਰ ਅੰਮ੍ਰਿਤਸਰ ਸੀਟ 'ਤੇ ਹਨ। ਜ਼ਿਆਦਾਤਰ ਕਾਂਟੇ ਦੀ ਟੱਕਰ ਕਾਂਗਰਸ ਅਤੇ ਅਕਾਲੀ ਭਾਜਪਾ ਵਿਚਕਾਰ ਹੈ।
ਡਾ. ਰਾਜੂ ਦਾ ਕਹਿਣਾ ਹੈ ਕਿ ਲੱਗਭਗ 12002 ਪੋਲਿੰਗ ਬੂਥਾਂ 'ਤੇ ਵੈਬ ਕਾਬਟਿੰਗ ਦਾ ਪ੍ਰਬੰਧ ਹੈ ਅਤੇ 509 ਪੋਲਿੰਗ ਬੂਥਾਂ ਨੂੰ ਅਤਿ ਨਾਜੁਕ, 719 ਸੰਵੇਦਨ ਸ਼ੀਲ ਅਤੇ 249 ਨੂੰ ਸੰਕਟਮਈ ਐਲਾਨਿਆ ਗਿਆ ਹੈ। ਜਿਥੇ ਵਾਧੂ ਫ਼ੋਰਸ ਤੈਨਾਤ ਹੈ।
ਇਸ ਤੋਂ ਇਲਾਵਾ ਬਾਹਰੀ ਇਲਾਕਿਆਂ ਤੋਂ ਆਏ ਲੋਕਾਂ ਨੂੰ ਸਬੰਧਤ ਹਲਕਾ ਛਡ ਕੇ ਜਾਣ ਦੀ ਹਦਾਇਤ ਵੀ ਕੀਤੀ ਜਾ ਚੁੱਕੀ ਹੈ। ਪਾਕਿਸਤਾਨ ਨਾਲ ਲਗਦੇ ਸਰਹਦੀ ਇਲਾਕਿਆਂ ਦੀ ਸਰਹਦਾਂ ਨੂੰ ਸੀਲ ਕਰ ਕੇ ਚੌਕਸੀ ਵਧਾ ਦਿਤੀ ਗਈ ਹੈ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਪਾਈਆਂ ਜਾ ਸਕਣਗੀਆਂ। ਮਗਰੋਂ ਈ.ਵੀ.ਐਮ ਮਸ਼ੀਨਾਂ 21 ਗਿਣਤੀ ਕੇਂਦਰਾਂ 'ਤੇ ਪਹੁੰਚਾ ਦਿਤੀਆਂ ਜਾਣਗੀਆਂ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।