(ਸੰਗਰੂਰ), ਅਮਰਗੜ੍ਹ : ਪਿੰਡ ਮਾਹੋਰਾਣਾ ਕੋਲੋਂ ਦੀ ਲੰਘਦੀ ਨਹਿਰ ਵਿਚ ਇਕ ਨੌਜਵਾਨ ਦਾ ਪੈਰ ਫਿਸਲਣ ਕਾਰਨ ਨਹਿਰ ਵਿਚ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਸੁਖਵੀਰ ਸਿੰਘ ਪੁੱਤਰ ਸੁਦਾਗਰ ਸਿੰਘ ਉਮਰ 27 ਸਾਲ ਪਿੰਡ ਸਲੇਮਪੁਰ ਥਾਣਾ ਸ਼ੇਰਪੁਰ (ਸੰਗਰੂਰ) ਦਾ ਰਹਿਣ ਵਾਲਾ ਸੀ ਜੋ ਕਿ ਕਿਸੇ ਦਫਤਰੀ ਕੰਮ ਲਈ ਮਾਲੇਰਕੋਟਲਾ ਆਇਆ ਸੀ। ਦੁਪਹਿਰ ਕਰੀਬ 2 ਵਜੇ ਕਿਸੇ ਰਾਹਗੀਰ ਨੇ ਨਹਿਰ ਦੀ ਪਟੜੀ ਉਪਰ ਮੋਟਰਸਾਈਕਲ ਕੋਲ ਬੂਟ-ਜ਼ੁਰਾਬਾਂ ਪਏ ਦੇਖੇ ਅਤੇ ਨਹਿਰ ਦੇ ਕੰਢੇ ਚੋਲਾਂ ਵਾਲੀ ਕੇਨੀ ਦਾ ਢੱਕਣ ਅਤੇ ਚੋਲ ਵੀ ਖਿਲਰੇ ਹੋਏ ਸਨ। ਰਾਹਗੀਰ ਨੇ ਤੁਰੰਤ ਇਸ ਦੀ ਸੂਚਨਾ ਨਜ਼ਦੀਕ ਨਰਸਰੀ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਦਿੱਤੀ, ਜਿਨ੍ਹਾਂ ਪਿੰਡ ਮਾਹੋਰਾਣਾ ਦੇ ਸਰਪੰਚ ਜਗਜੀਵਨ ਸਿੰਘ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਥਾਣਾ ਅਮਰਗੜ੍ਹ ਵਿਖੇ ਇਤਲਾਹ ਦਿੱਤੀ।
ਮੌਕੇ 'ਤੇ ਪਹੁੰਚੇ ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਆਪਣੀ ਪੁਲਸ ਪਾਰਟੀ ਨਾਲ ਜਾਂਚ ਕਰ ਰਹੇ ਸਨ ਕਿ ਸੁਖਵੀਰ ਸਿੰਘ ਦੇ ਦੋਸਤਾਂ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਦੱਸਿਆ ਕਿ ਕਿਸੇ ਪੰਡਤ ਨੇ ਉਸ ਨੂੰ ਦੱਸਿਆ ਸੀ ਕਿ ਮੰਗਲਵਾਰ ਵਾਲੇ ਦਿਨ ਨਹਿਰ ਵਿਚ ਪੀਲੇ ਚੋਣ ਪਾਉਣ ਨਾਲ ਉਹ ਜਲਦੀ ਕੈਨੇਡਾ ਪਹੁੰਚ ਜਾਵੇਗਾ ਤਾਂ ਸੁਖਵੀਰ ਸਿੰਘ ਪਰਿਵਾਰ ਨੂੰ ਬਿਨਾਂ ਦੱਸੇ ਮਾਲੇਰਕੋਟਲਾ ਤੋਂ ਕਿਸੇ ਹਲਵਾਈ ਤੋਂ ਚੌਲ ਬਣਵਾ ਕੇ ਨਹਿਰ ਵਿਚ ਪਾਉਣ ਲਈ ਆ ਗਿਆ, ਜਿੱਥੇ ਉਹ ਪੈਰ ਫਿਸਲਣ ਕਾਰਨ ਨਹਿਰ ਵਿਚ ਜਾ ਡਿੱਗਾ।