ਘਰ-ਘਰ ਨੌਕਰੀ ਤੇ ਸਮਾਰਟ ਫ਼ੋਨ ਦੇਣੇ ਮੁਸ਼ਕਲ : ਰਾਜਾ ਵੜਿੰਗ
|
ਨਥਾਣਾ : ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਭੁੱਚੋ ਹਲਕੇ ਦੇ ਪਿੰਡਾਂ ਦੇ ਚੋਣ ਪ੍ਰਚਾਰ ਦੌਰਾਨ ਪਿੰਡ ਕਲਿਆਣ ਸੁੱਖਾ ਵਿਖੇ ਕੁਝ ਬੇਰੁਜ਼ਗਾਰ ਨੌਜੁਆਨਾਂ ਵਲੋਂ ਤਿੱਖੇ ਸਵਾਲ ਕੀਤੇ ਗਏ। ਹੋਇਆ ਇੰਝ ਕਿ ਜਦ ਚੋਣ ਮੀਟਿੰਗ ਨੂੰ ਸੰਬੋਧਨ ਤੋਂ ਬਾਅਦ ਰਾਜਾ ਵੜਿੰਗ ਲੋਕਾਂ ਨੂੰ ਮਿਲਣ ਲੱਗੇ ਤਾਂ ਇਕ ਬੇਰੁਜ਼ਗਾਰ ਨੌਜੁਆਨ ਨੇ ਸਟੇਜ 'ਤੇ ਆ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਲਾ ਮਾਇਕ ਹੀ ਚੁੱਕ ਲਿਆ ਅਤੇ ਸਪੀਕਰ ਰਾਹੀਂ ਘਰ-ਘਰ ਨੌਕਰੀ ਅਤੇ ਸਮਾਰਟ ਦੇਣ ਦੇ ਲਾਰੇ ਪੂਰੇ ਨਾ ਹੋਣ ਬਾਰੇ ਪੁੱਛਿਆ ਤਾਂ ਸਾਰੇ ਹਾਜ਼ਰ ਲੋਕ ਹੈਰਾਨ ਰਹਿ ਗਏ। ਜਿਸ ਦੇ ਜਵਾਬ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਘਰ- ਘਰ ਨੌਕਰੀ ਅਤੇ ਸਮਾਰਟ ਫ਼ੋਨ ਦੇਣੇ ਨਾ ਮੁਮਕਨ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਉਸ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਸਮਾਰਟਫ਼ੋਨ ਨਾ ਦੇਣ ਬਾਰੇ ਕਿਹਾ ਸੀ ਕਿਉਂਕਿ ਇਸ ਦੇ ਕਾਫ਼ੀ ਨੁਕਸਾਨ ਨੌਜੁਆਨ ਪੀੜ੍ਹੀ ਤੇ ਪੈਣਗੇ ਜਿਸ ਕਰ ਕੇ ਉਹ ਸਮਾਰਟ ਫ਼ੋਨ ਦੇਣ ਦੇ ਹੱਕ ਵਿਚ ਨਹੀਂ ਤੇ ਘਰ ਘਰ ਨੌਕਰੀ ਦੇਣਾ ਮੁਸ਼ਕਲ ਹੈ । ਜਿਸ ਤੋਂ ਬਾਅਦ ਉਕਤ ਨੌਜੁਆਨਾਂ ਦੀ ਸਥਾਨਕ ਕਾਂਗਰਸੀ ਆਗੂਆਂ ਨਾਲ ਤਲਖ਼ ਕਲਾਮੀ ਵੀ ਹੋਈ ਤੇ ਰਾਜਾ ਵੜਿੰਗ ਉੱਥੋਂ ਚਲੇ ਗਏ ।