ਮੋਗਾ : ਲੜਕੇ ਨੂੰ ਵਿਆਹ ਕਰਵਾ ਕੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੜਕੀ ਵੱਲੋਂ 25 ਲੱਖ 70 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਵੱਲੋਂ ਉਸ ਨੂੰ ਤਲਾਕ ਦਿੱਤੇ ਬਿਨਾਂ ਹੀ ਦੂਜਾ ਵਿਆਹ ਕਰਨ ਦੇ ਦੋਸ਼ 'ਚ ਪੁਲਿਸ ਨੇ ਐੱਨਆਰਆਈ ਲੜਕੀ ਤੇ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਥਾਣਾ ਸਦਰ ਮੋਗਾ 'ਚ ਮਾਮਲਾ ਦਰਜ ਕਰ ਕੇ ਉਸ ਦੇ ਪਿਤਾ ਨੂੰ ਗਿ?ਫ਼ਤਾਰ ਕਰ ਲਿਆ ਹੈ।
ਥਾਣਾ ਸਦਰ ਮੋਗਾ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਸੰਘਾ ਵਾਸੀ ਡਰੋਲੀ ਭਾਈ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਹਾ ਕਿ ਉਸ ਨੂੰ ਵਿਆਹ ਕਰਵਾ ਕੇ ਕੈਨੇਡਾ ਭੇਜਣ ਦੀ ਤੈਅ ਹੋਈ ਗੱਲਬਾਤ ਅਨੁਸਾਰ ਉਸ ਦਾ ਵਿਆਹ ਰੁਪਿੰਦਰ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਪਿੰਡ ਬਹੌਨਾ ਨਾਲ 1 ਮਾਰਚ 2011 ਨੂੰ ਸਿੱਖ ਰੀਤੀ ਰਿਵਾਜਾਂ ਅਨੁਸਾਰ ਪਿੰਡ ਬਹੌਨਾ ਵਿਖੇ ਹੋਇਆ ਸੀ ਤੇ ਉਸ ਨੇ ਦਫਤਰ ਸਬ ਰਜਿਸਟਰਾਰ ਮੋਗਾ ਵਿਖੇ ਵਿਆਹ ਦੀ ਰਜਿਸਟਰੇਸ਼ਨ ਵੀ ਕਰਵਾਈ ਸੀ।
ਵਿਆਹ ਤੋਂ ਕਰੀਬ 6 ਮਹੀਨੇ ਬਾਅਦ ਉਸ ਦੀ ਪਤਨੀ ਸਤੰਬਰ 2011 'ਚ ਕੈਨੇਡਾ ਚੱਲੀ ਗਈ। ਵਿਆਹ ਤੋਂ ਬਾਅਦ ਕ੍ਰੀਬ 3 ਸਾਲ ਤਕ ਆਪਣੀ ਪਤਨੀ ਰੁਪਿੰਦਰ ਕੌਰ ਦੇ ਹਰ ਪ੍ਰਕਾਰ ਦੇ ਖ਼ਰਚੇ, ਕਾਲਜ ਫੀਸਾਂ ਆਦਿ ਤੇ ਉਸ ਨੇ 25 ਲੱਖ 70 ਹਜਾਰ ਰੁਪਏ ਖ਼ਰਚ ਕੀਤੇ। ਇਸ ਤੋਂ ਬਾਅਦ ਨਵੰਬਰ 2015 'ਚ ਉਸ ਦੀ ਪਤਨੀ ਰੁਪਿੰਦਰ ਕੌਰ ਕੈਨੇਡਾ ਤੋਂ ਵਾਪਸ ਇੰਡੀਆ ਆਈ ਤੇ ਉਸ ਨੇ ਉਸ ਨੂੰ ਤਲਾਕ ਦਿੱਤੇ ਬਿਨਾਂ ਹੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਮਪੁਰ ਨਿਵਾਸੀ ਨੌਜਵਾਨ ਨਾਲ ਲੁਧਿਆਣਾ ਦੇ ਇਕ ਹੋਟਲ'ਚ ਮਿਤੀ 29 ਨਵੰਬਰ 2015 ਨੂੰ ਦੂਜਾ ਵਿਆਹ ਕਰਵਾ ਕੇ ਵਾਪਸ ਕੈਨੇਡਾ ਚੱਲੀ ਗਈ। ਜਿਸ 'ਤੇ ਉਸ ਨੇ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਰੁਪਿੰਦਰ ਕੌਰ ਦੇ ਮਾਤਾ ਪਿਤਾ ਨਾਲ ਗੱਲ ਕੀਤੀ ਅਤੇ ਉਸ ਵੱਲੋਂ ਖ਼ਰਚ ਕੀਤੇ 25 ਲੱਖ 70 ਹਜ਼ਾਰ ਰੁਪਏ ਵਾਪਸ ਦੇਣ ਜਾਂ ਉਸ ਨੂੰ ਕੈਨੇਡਾ ਭੇਜਣ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਈ ਗੱਲ ਨਹੀਂ ਸੁਣੀ ਤੇ ਟਾਲ ਮਟੋਲ ਕਰਦਿਆਂ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਉਸ ਨੂੰ ਨਾ ਤਾਂ ਵਿਦੇਸ਼ ਭੇਜਿਆਂ ਤੇ ਨਾ ਹੀ ਉਸ ਦੀ ਰਕਮ ਵਾਪਸ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਸਾਜ਼ਿਸ਼ ਤਹਿਤ ਉਸ ਨਾਲ ਠੱਗੀ ਮਾਰਕੇ ਧੋਖਾਧੜੀ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਡੀਐੱਸਪੀ ਸਿਟੀ ਮੋਗਾ ਪਾਸੋਂ ਕਰਵਾਉਣ ਉਪਰੰਤ ਐੱਨਆਰਆਈ ਰੁਪਿੰਦਰ ਕੌਰ, ਗੁਰਬਖਸ ਕੌਰ ਤੇ ਬਲਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਉਕਤ ਬਲਵੀਰ ਸਿੰਘ ਨੂੰ ਗਿ?ਫ਼ਤਾਰ ਕਰ ਲਿਆ ਹੈ।