ਅਮਰੀਕਾ (ਏਜੰਸੀਆਂ) : ਅਮਰੀਕਾ ਦੇ ਇਲਾਕੇ ਇੰਡੀਆਨਾਪੋਲਿਸ ਵਿਚ ਫੇਡੇਕਸ ਦੇ ਇਕ ਕੇਂਦਰ ’ਤੇ ਵੀਰਵਾਰ ਰਾਤ ਗੋਲੀਬਾਰੀ ਹੋ ਗਈ ਜਿਸ ਦੌਰਾਨ 8 ਲੋਕਾਂ ਦੀ ਜਾਨ ਚਲੀ ਗਈ। ਪੁਲਿਸ ਬੁਲਾਰੇ ਜਿਨੀ ਕੁੱਕ ਨੇ ਕਿਹਾ ਦਸਿਆ ਕਿ ਇਸ ਘਟਨਾ ਵਿਚ ਕਈ ਹੋਰ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਘੱਟ ਤੋਂ ਘੱਟ 4 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਜਿਨ੍ਹਾਂ ਵਿਚੋਂ 1 ਗੰਭੀਰ ਰੂਪ ਨਾਲ ਜ਼ਖ਼ਮੀ ਹੈ। ਦੋ ਹੋਰ ਨੂੰ ਘਟਨਾ ਸਥਾਨ ’ਤੇ ਹੀ ਮੁੱਢਲੀ ਡਾਕਟਰੀ ਸਹਾਇਅਤਾ ਦਿੱਤੀ ਗਈ। ਇਸ ਘਟਨਾ ਵਿਚ ਕੋਈ ਕਾਨੂੰਨ ਪ੍ਰਵਰਤਨ ਅਧਿਕਾਰੀ ਜ਼ਖ਼ਮੀ ਨਹੀਂ ਹੋਇਆ ਹੈ।
ਇਸ ਤੋਂ ਪਹਿਲਾਂ ਕਿ ਪੁਲਿਸ ਬੰਦੂਕਧਾਰੀ ਨੂੰ ਕਾਬੂ ਕਰਦੀ ਉਸ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਕੁੱਕ ਨੇ ਦੱਸਿਆ ਕਿ ਘਟਨਾ ਵੀਰਵਾਰ ਦੀ ਰਾਤ ਦੀ ਹੈ। ਜਦੋਂ ਪੁਲਿਸ ਘਟਨਾ ਸਥਾਨ ’ਤੇ ਪਹੁੰਚੀ ਤਾਂ ਉਥੇ ਗੋਲੀਬਾਰੀ ਚੱਲ ਰਹੀ ਸੀ। ਫੇਡੇਕਸ ਕੇਂਦਰ ਵਿਚ ਕੰਮ ਕਰਨ ਵਾਲੇ ਘਟਨਾ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਆਈ ਅਤੇ ਉਸ ਦੇ ਬਾਅਦ ਉਸ ਨੇ ਇਕ ਬੰਦੂਕਧਾਰੀ ਨੂੰ ਉਥੇ ਦੇਖਿਆ।