ਮੁੰਬਈ, 15 ਅਪ੍ਰੈਲ : ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੂੰ ਵੱਡੀ ਸਫ਼ਲਤਾ ਮਿਲੀ ਹੈ। ਜਾਂਚ ਏਜੰਸੀ ਨੇ ਡਰੱਗਜ਼ ਤਸਕਰ ਦੀ ਪਛਾਣ ਕਰ ਲਈ ਹੈ। ਡਰੱਗ ਵਿਕਰੇਤਾ ਦੀ ਪਛਾਣ ਸਾਹਿਲ ਸ਼ਾਹ ਉਰਫ਼ ਸਾਹਿਲ ਫਲੈਕੋ ਵਜੋਂ ਹੋਈ ਹੈ, ਜੋ ਮੁੰਬਈ ਦਾ ਹੀ ਵਾਸੀ ਹੈ। ਉਹ ਕੌਮਾਂਤਰੀ ਡਰੱਗਜ਼ ਤਸਕਰੀ ਗਿਰੋਹ ਚਲਾਉਂਦਾ ਹੈ। ਹੁਣ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਵੋਖੋ :👉 ਇੰਜ ਵੀ ਆਉਂਦੀ ਹੈ ਮੌਤ : ਛੋਟੀ ਜਹੀ ਗਲਤੀ ਕਾਰਨ 3 ਬੱਚਿਆਂ ਦਾ ਘੁਟਿਆ ਦਮ
ਇੱਕ ਅਧਿਕਾਰੀ ਨੇ ਦੱਸਿਆ ਕਿ ਸਾਹਿਲ ਸ਼ਾਹ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਜੁੜੇ ਡਰੱਗ ਮਾਮਲੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ। ਮਾਮਲੇ ਦੀ ਜਾਂਚ ਦੌਰਾਨ ਸ਼ਾਹ ਦੀ ਭੂਮਿਕਾ ਸਾਹਮਣੇ ਆਈ ਸੀ। ਅਧਿਕਾਰੀ ਦੇ ਮੁਤਾਬਕ ਇਸ ਮੁਲਜ਼ਮ ਨੇ ਹੀ ਰਾਜਪੂਤ ਨੂੰ ਡਰੱਗਜ਼ ਦੀ ਸਪਲਾਈ ਕੀਤੀ ਸੀ। ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਦੀ ਜਾਂਚ ਕੇਂਦਰ ਸਰਕਾਰ ਦੀਆਂ ਤਿੰਨ ਏਜੰਸੀਆਂ ਕਰ ਰਹੀਆਂ ਹਨ। ਸੀਬੀਆਈ, ਈਡੀ ਅਤੇ ਐਨਸੀਬੀ ਇਸ ਮਾਮਲੇ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਸੁਸ਼ਾਂਤ ਦੀ ਮੌਤ ਦੇ ਮਾਮਲੇ ਵਿੱਚ ਡਰੱਗਜ਼ ਐਂਗਲ ਦੀ ਜਾਂਚ ਕਰ ਰਹੀ ਐਨਸੀਬੀ ਨੇ ਆਪਣੀ ਜਾਂਚ ਤਦ ਸ਼ੁਰੂ ਕੀਤੀ, ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਉਸ ਨੂੰ ਡਰੱਗਜ਼ ਸੇਵਨ, ਉਸ ਦੀ ਖਰੀਦ ਤੇ ਚੈਟ ਜਿਹੇ ਕੁਝ ਇਨਪੁਟ ਮਿਲੇ। ਦੱਸ ਦੇਈਏ ਕਿ 14 ਜੂਨ 2020 ਨੂੰ ਬਾਂਦਰਾ ਸਥਿਤ ਅਪਾਰਟਮੈਂਟ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਸੀ। ਹਾਲਾਂਕਿ, ਉਸ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸੁਸ਼ਾਂਤ ਨੇ ਖੁਦਕੁਸ਼ੀ ਨਹੀਂ ਕੀਤੀ, ਸਗੋਂ ਉਸ ਨੂੰ ਅਜਿਹਾ ਕਰਨ ਲਈ ਉਕਸਾਇਆ ਗਿਆ ਜਾਂ ਉਸ ਦਾ ਕਤਲ ਕੀਤਾ ਗਿਆ। ਫਿਲਹਾਲ, ਇਸ ਮਾਮਲੇ ਦੀ ਸੀਬੀਆਈ ਜਾਂਚ ਚੱਲ ਰਹੀ ਹੈ।