ਬੀਜਿੰਗ : ਚੀਨ ਦੇ ਇਕ ਇਲਾਕੇ ਵਿਚ ਇਕ ਲਾੜਾ ਅਤੇ ਲਾੜੀ ਵਿਆਹ ਕਰ ਰਹੇ ਸਨ ਪਰ ਅਚਾਨਕ ਕੁੱਝ ਅਜਿਹਾ ਵਾਪਰਿਆ ਕਿ ਸਥਿਤੀ ਅਜੀਬੋ ਗ਼ਰੀਬ ਬਣ ਗਈ ਪਰ ਆਖ਼ਰ ਇਸ ਦਾ ਅੰਤ ਸੁਖਦ ਰਿਹਾ। ਹੋਇਆ ਇੰਜ ਕਿ ਵਿਆਹ ਵਾਲੇ ਦਿਨ ਜਦੋਂ ਲਾੜੇ ਦੀ ਮਾਂ ਦੀ ਨਜ਼ਰ ਲਾੜੀ ਦੇ ਹੱਥਾਂ ’ਤੇ ਪਈ ਤਾਂ ਉਹ ਲਾੜੀ ਦੇ ਹੱਥਾਂ ਨੂੰ ਦੇਖਦੇ ਰਹਿ ਗਈ ਕਿਉਂ ਕਿ ਉਸ ਦੇ ਦਿਮਾਗ਼ ਵਿਚ ਕੁੱਝ ਆ ਰਿਹਾ ਸੀ। ਅਚਾਨਕ ਔਰਤ ਰੋਣ ਲੱਗ ਪਈ। ਦਰਾਸਲ ਹੋਇਆ ਇਹ ਕਿ ਲਾੜੀ ਦੇ ਹੱਥਾਂ ’ਚ ਬਰਥ ਸਾਈਨ ਦੇਖ ਕੇ ਉਸ ਦੀ ਮਾਂ ਨੇ ਪੱਛਾਣ ਲਿਆ ਕਿ ਇਹ ਤਾਂ ਮੇਰੀ ਗੁਵਾਚੀ ਹੋਈ ਧੀ ਹੈ। ਮਾਮਲਾ ਚੀਨ ਦੇ ਜਿਆਨਗਸੂ ਸੂਬੇ ਦੇ ਸੋਝੋਓ ਦਾ ਹੈ। ਇਹ ਵਿਆਹ 31 ਮਾਰਚ ਨੂੰ ਹੋਇਆ ਹੈ। ਇਸ ਦੌਰਾਨ ਹਰ ਕਿਸੇ ਦੀਆਂ ਅੱਖਾਂ ’ਚ ਖੁਸ਼ੀ ਦੇ ਹੰਝੂ ਵੀ ਸਨ।
ਸਥਾਨਕ ਮੀਡੀਆ ਰਿਪੋਰਟਸ ’ਚ ਦੱਸਿਆ ਗਿਆ ਹੈ ਕਿ ਲਾੜੀ ਦਾ ਬਰਥ ਸਾਈਨ ਦੇਖ ਕੇ ਲੜਕੇ ਦੀ ਮਾਂ ਨੇ ਜਦ ਲਾੜੀ ਦੇ ਮਾਪੇ ਦੱਸ ਰਹੇ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਲਾੜੀ ਅਸਲ ’ਚ ਉਨ੍ਹਾਂ ਦੀ ਕੁੜੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚੀ ਉਨ੍ਹਾਂ ਨੂੰ 20 ਸਾਲ ਪਹਿਲਾਂ ਸੜਕ ਕੰਢੇ ਮਿਲੀ ਸੀ, ਉਸ ਵੇਲੇ ਤੋਂ ਹੀ ਉਸ ਨੂੰ ਆਪਣੇ ਕੋਲ ਰੱਖਿਆ ਹੋਇਆ ਹੈ। ਜਿਸ ਤੋਂ ਬਾਅਦ ਲਾੜੇ ਦੀ ਮਾਂ ਨੇ ਦੱਸਿਆ ਕਿ ਅਸਲ ’ਚ ਇਹ ਲੜਕੀ ਉਸ ਦੀ ਸਕੀ ਧੀ ਹੈ। ਇਸ ਸਭ ਦੇ ਬਾਵਜਦੂ ਵੀ ਵਿਆਹ ਨਹੀਂ ਰੋਕਿਆ ਗਿਆ ਕਿਉਂਕਿ ਲਾੜਾ ਵੀ ਉਨ੍ਹਾਂ ਦੀ ਸਕੀ ਔਲਾਦ ਨਹੀਂ ਸੀ।
20 ਸਾਲ ਪਹਿਲਾਂ ਜਦ ਉਨ੍ਹਾਂ ਦੀ ਲੜਕੀ ਲਾਪਤਾ ਹੋ ਗਈ ਸੀ ਤਾਂ ਬਹੁਤ ਲੱਭਣ ’ਤੇ ਵੀ ਨਾ ਲੱਭੀ ਜਿਸ ਪਿੱਛੋਂ ਉਨ੍ਹਾਂ ਨੇ ਇਕ ਲੜਕੇ ਨੂੰ ਗੋਦ ਲੈ ਲਿਆ ਅਤੇ ਉਸ ਨੂੰ ਆਪਣੇ ਪੁੱਤਾਂ ਵਾਂਗ ਪਾਲਿਆ। ਵਿਆਹ ਵਾਲੇ ਦਿਨ ਆਪਣੀ ਅਸਲੀਅਤ ਜਾਣ ਲਾੜਾ-ਲਾੜੀ ਬੇਹਤ ਭਾਵੁਕ ਹੋ ਗਏ। ਦੋਵਾਂ ਨੂੰ ਆਪਣੇ ਅਸਲ ਮਾਂ-ਬਾਪ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਤੋਂ ਆਪਣੇ ਹੰਝੂ ਸਾਂਭੇ ਨਾ ਗਏ ਪਰ ਫਿਰ ਵੀ ਵਿਆਹ ਬੇਹਦ ਹੀ ਧੂਮ-ਧਾਮ ਨਾਲ ਸੰਪਨ ਹੋਇਆ। ਵਿਆਹ ਮੌਕੇ ਲਾੜੀ ਦੀ ਮਾਂ ਨੂੰ ਮਿਲੀ ਦੋਹਰੀ ਖੁਸ਼ੀ ਇੰਨੀਂ ਦਿਨੀਂ ਚੀਨੀ ਮੀਡੀਆ ’ਚ ਸੁਰਖੀਆਂ ਬਟੋਰ ਰਹੀ ਹੈ।