ਰੂਪਨਗਰ, 4 ਅਪ੍ਰੈਲ (ਸੱਚੀ ਕਲਮ ਬਿਊਰੋ) : ਗੈਂਗਸਟਰ ਮੁਖ਼ਤਾਰ ਅੰਸਾਰੀ ਮਾਮਲੇ ਵਿਚ ਇਕ ਨਵਾਂ ਮੋੜ ਆਇਆ ਹੈ ਕਿਉਂਕਿ ਜਿਸ ਵਿਵਾਦਤ ਐਂਬੂਲੈਂਸ ਵਿਚ ਅੰਸਾਰੀ ਨੂੰ ਬੀਤੇ ਦਿਨ ਮੋਹਾਲੀ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਉਹੀ ਐਂਬੂਲੈਂਸ ਹੁਣ ਲਾਵਾਰਸ ਹਾਲਤ ਵਿਚ ਮਿਲੀ ਹੈ। ਜਾਣਕਾਰੀ ਮੁਤਾਬਕ ਯੂ. ਪੀ. ਪੁਲਿਸ ਦੀ ਐਂਬੂਲੈਂਸ ਲਾਵਾਰਸ ਹਾਲਾਤ ਵਿਚ ਰੂਪਨਗਰ ਨੰਗਲ ਮੁੱਖ ਮਾਰਗ ’ਤੇ ਪਿੰਡ ਖੁਆਸਪੁਰਾ ਨੇੜੇ ਗੁਰੂ ਨਾਨਕ ਢਾਬੇ ਕੋਲ ਲਾਵਾਰਸ ਹਾਲਤ ਵਿਚ ਖੜ੍ਹੀ ਹੈ ਜਿਸ ਦੇ ਆਸ ਪਾਸ ਕੋਈ ਵੀ ਪੁਲਿਸ ਕਰਮੀ ਮੌਜੂਦ ਨਹੀਂ ਹੈ। ਅੱਜ ਸਵੇਰ ਤੋਂ ਹੀ ਯੂ ਪੀ ਪੁਲਿਸ ਤੇ ਪੰਜਾਬ ਪੁਲਿਸ ਵਲੋਂ ਮੀਡੀਆ ਦਾ ਧਿਆਨ ਭਟਕਾਉਣ ਲਈ ਅਜਿਹੇ ਕਈ ਦ੍ਰਿਸ਼ ਪੇਸ਼ ਕੀਤੇ ਜਾ ਚੁੱਕੇ ਹਨ। ਆਖ਼ਰਕਾਰ ਮੁਖ਼ਤਾਰ ਅੰਸਾਰੀ ਨਾਲ ਕੀ ਹੋਣ ਜਾ ਰਿਹਾ ਹੈ ਅਤੇ ਇਸ ਮਾਮਲੇ ਨੂੰ ਇੰਨਾ ਜ਼ਿਆਦਾ ਕਿਉਂ ਲੁਕੋਇਆ ਜਾ ਰਿਹਾ ਹੈ ਇਹ ਜ਼ਿਲ੍ਹੇ ਭਰ ਵਿਚ ਹੁਣ ਇਕ ਵੱਡਾ ਸਵਾਲ ਬਣ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਇਹ ਉਹੀ ਐਂਬੂਲੈਂਸ ਹੈ ਜਿਸ ਵਿਚ ਲਿਆ ਕੇ ਅੰਸਾਰੀ ਨੂੰ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਤੇ ਇਸ ਪਿਛੋਂ ਪੰਜਾਬ ਸਰਕਾਰ ਤੇ ਜੇਲ ਪ੍ਰਸ਼ਾਸਨ ’ਤੇ ਕਈ ਸਵਾਲ ਖੜੇ ਹੋਏ ਸਨ ਕਿਉਂਕਿ ਇਹ ਐਂਬੂਲੈਂਸ ਚਲਦਾ ਫਿਰਦਾ ਕਿਲ੍ਹਾ ਹੈ ਤੇ ਇਸ ਨੂੰ ਬੁਲਟ ਪਰੂਫ਼ ਬਣਾਇਆ ਹੋਇਆ ਹੈ। ਭਾਵੇਂ ਪੰਜਾਬ ਸਰਕਾਰ ਨੇ ਯੂ.ਪੀ ਸਰਕਾਰ ਨੂੰ ਚਿੱਠੀ ਲਿਖ ਕੇ ਕਹਿ ਦਿਤਾ ਹੈ ਕਿ ਅੰਸਾਰੀ ਨੂੰ ਯੂ.ਪੀ ਲਿਜਾਇਆ ਜਾਵੇ ਪਰ ਉਸ ਨੂੰ ਯੂ.ਪੀ ਭੇਜਣ ਤੋਂ ਪਹਿਲਾਂ ਐਂਬੂਲੈਂਸ ਦਾ ਲਾਵਾਰਸ ਮਿਲਣਾ ਵੀ ਵੱਡੇ ਸਵਾਲ ਖੜੇ ਕਰਦਾ ਹੈ।