ਔਕਲੈਂਡ : ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਸਥਿਤ ਪਾਰਲੀਮੈਂਟ ਦੇ ਫ਼ੰਕਸ਼ਨ ਹਾਲ ਦੇ ਵਿਚ ਅੱਜ ਪ੍ਰਸਿੱਧ ਪੰਜਾਬੀ ਗਾਇਕ ਤੇ ਨਾਇਕ ਡਾ. ਸਤਿੰਦਰ ਸਰਤਾਜ ਦਾ ਵਿਸ਼ੇਸ਼ ਸਨਮਾਨ ਪਹਿਲੇ ਸਿੱਖ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖ਼ਸ਼ੀ ਵਲੋਂ ਕੀਤਾ ਗਿਆ।
ਇਸ ਮੌਕੇ ਨੈਸ਼ਨਲ ਪਾਰਟੀ ਦੇ ਨੇਤਾ ਸ੍ਰੀ ਸਾਇਮਨ ਬ੍ਰਿਜਸ ਅਤੇ ਭਾਰਤ ਦੇ ਹਾਈ ਕਮਿਸ਼ਨਰ ਸ੍ਰੀ ਸੰਜੀਵ ਕੋਹਲੀ ਵੀ ਹਾਜ਼ਰ ਸਨ। ਵੈਲਿੰਗਟਨ ਭਾਰਤੀ ਭਾਈਚਾਰੇ ਤੋਂ ਸ. ਗੁਰਤੇਜ ਸਿੰਘ ਨੇ ਸਤਿੰਦਰ ਸਰਤਾਜ ਦੇ ਗੀਤ-ਸੰਗੀਤ ਦੇ ਸਫ਼ਰ ਉਤੇ ਪੰਛੀ ਝਾਤ ਪਵਾਈ ਅਤੇ ਇਸ ਉਪਰੰਤ ਕੰਵਲਜੀਤ ਸਿੰਘ ਬਖ਼ਸ਼ੀ ਨੂੰ ਸੰਬੋਧਨ ਲਈ ਸੱਦਾ ਦਿਤਾ।
ਇਸ ਮੌਕੇ ਕੁੱਝ ਹੋਰ ਸੰਸਦ ਮੈਂਬਰ ਸ੍ਰੀ ਬ੍ਰੈਟ ਹਡਸਨ, ਮੈਡਮ ਨਿਕੋਲਾ ਵਿਲਸ, ਭਾਰਤੀ ਹਾਈ ਕਮਿਸ਼ਨਰ ਸ੍ਰੀ ਸੰਜੀਵ ਕੋਹਲੀ, ਭਾਰਤੀ ਭਾਈਚਾਰੇ ਤੋਂ ਸ. ਗੁਰਤੇਜ ਸਿੰਘ, ਔਕਲੈਂਡ ਤੋਂ ਨਵਜੋਤ ਸਿੰਘ ਅਤੇ ਹੋਰ ਕਈ ਸਖ਼ਸ਼ੀਅਤਾਂ ਹਾਜ਼ਰ ਸਨ। ਸਤਿੰਦਰ ਸਰਤਾਜ ਨੂੰ ਇਕ ਬਹੁਤ ਹੀ ਸੋਹਣਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਉਪਰੰਤ ਸਤਿੰਦਰ ਸਰਤਾਜ ਨੇ ਪੂਰੇ ਪਾਰਲੀਮੈਂਟ ਦਾ ਟੂਰ ਲਾਇਆ ਅਤੇ ਹੋਰ ਜਾਣਕਾਰੀ ਹਾਸਲ ਕੀਤੀ। ਸ. ਬਖ਼ਸ਼ੀ ਨੇ ਇਹ ਗੱਲ ਵੀ ਵਿਸ਼ੇਸ਼ ਤੌਰ 'ਤੇ ਆਖੀ ਕਿ ਡਾ. ਸਤਿੰਦਰ ਸਰਤਾਜ ਨੇ ਸੂਫ਼ੀਆਨਾ ਸੰਗੀਤ, ਸਭਿਆਚਾਰਕ ਸੰਗੀਤ, ਉਮਰਾਂ ਦੇ ਹਾਣੀ ਗੀਤਾਂ ਦੇ ਵਿਚ ਸਿਖਿਆਦਾਇਕ ਭਾਵ, ਵਿਸਰਦੇ ਵਿਰਸੇ ਅਤੇ ਇਤਿਹਾਸ ਨੂੰ ਮਾਲਾ ਦੀ ਤਰ੍ਹਾਂ ਪਰੋਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ ਜਿਸ ਕਰ ਕੇ ਉਹ ਸਰੋਤਿਆਂ ਦੇ ਦੇਸ਼-ਵਿਦੇਸ਼ ਵਿਚ ਹਰਮਨ ਪਿਆਰੇ ਬਣੇ ਹੋਏ ਹਨ।