ਨਾਂਦੇੜ : ਮਹਾਰਾਸ਼ਟਰ ਦੇ ਨਾਂਦੇੜ ਵਿਚ ਕਰੋਨਾ ਕਾਰਨ ਹੋਲਾ ਮਹੱਲਾ ਨਾ ਕੱਢਣ ਦੇਣ ਤੋਂ ਨਾਰਾਜ਼ ਸਿੱਖਾਂ ਨੇ ਬੈਰੀਕੇਡ ਤੋੜ ਕੇ ਤਲਵਾਰਾਂ ਨਾਲ ਪੁਲਿਸ ’ਤੇ ਹਮਲਾ ਕਰ ਦਿੱਤਾ। ਇਸ ਕਾਰਨ ਚਾਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ। ਇਨ੍ਹਾਂ ਵਿੱਚੋਂ ਇਕ ਦੀ ਹਾਲਤ ਗੰਭੀਰ ਹੈ। ਗੁਰਦੁਆਰੇ ਦੇ ਗੇਟ ਅੱਗੇ ਲਗਾਏ ਬੈਰੀਕੇਡ ਸਿੱਖਾਂ ਨੇ ਤੋੜ ਦਿੱਤੇ ਤੇ ਪੁਲਿਸ ਵਾਲਿਆਂ ਨੂੰ ਭਜਾ ਭਜਾ ਕੇ ਕੁੱਟਿਆ ਤੇ ਉਨ੍ਹਾਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਇਸ ਸਬੰਧੀ ਪੁਲਿਸ ਨੇ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਤਖ਼ਤ ਹਜ਼ੂਰ ਸਾਹਿਬ ਵਿੱਚ ਹੋਈ ਘਟਨਾ ਦੇ ਮਾਮਲੇ ਵਿੱਚ ਨਾਂਦੇੜ ਜ਼ਿਲ੍ਹੇ ਵਿੱਚ ਵਜ਼ੀਰਾਵਾਦ ਥਾਣੇ ਵਿੱਚ 64 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ, ਸਿੱਖ ਸ਼ਰਧਾਲੂ ਹੋਲੇ ਮੁਹੱਲਾ ਮਨਾਉਣਾ ਚਾਹੁੰਦੇ ਸਨ ਪਰ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਕਾਰਨ ਪੁਲਿਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆ, ਜਿਸ ਕਾਰਨ ਦੋਵਾਂ ਧਿਰਾਂ ਦਰਮਿਆਨ ਟਕਰਾਅ ਹੋ ਗਿਆ। ਘਟਨਾ ਦੀ ਵੀਡੀਓ ਤੁਰੰਤ ਇੰਟਰਨੈੱਟ 'ਤੇ ਵਾਇਰਲ ਹੋ ਗਈ। ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਸ਼ਰਧਾਲੂਆਂ ਦੀ ਭੀੜ ਗੁਰਦੁਆਰੇ ਵਿੱਚੋਂ ਬਾਹਰ ਆ ਕੇ ਬੈਰੀਕੇਡ ਤੋੜ ਦਿੰਦੀ ਹੈ। ਕਈਆਂ ਦੇ ਹੱਥ ਵਿੱਚ ਕਿਰਪਾਨਾਂ ਵੀ ਸਨ। ਨਾਂਦੇੜ ਰੇਂਜ ਦੇ ਡੀਆਈਜੀ ਨਿਸਾਰ ਤੰਬੋਲੀ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਕੋਰੋਨਾ ਮਹਾਮਾਰੀ ਕਾਰਨ ਹਾਲਾਤ ਬੇਹੱਦ ਖ਼ਰਾਬ ਹਨ, ਜਿਸ ਕਾਰਨ ਸਿੱਖਾਂ ਨੂੰ ਹੋਲਾ ਮੁਹੱਲਾ ਸਬੰਧੀ ਨਗਰ ਕੀਰਤਨ ਸਜਾਉਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਨਿਸਾਰ ਤੰਬੋਲੀ ਨੇ ਦੱਸਿਆ ਕਿ ਜ਼ਖ਼ਮੀ ਮੁਲਾਜ਼ਮਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ।