ਫ਼ਿਰੋਜ਼ਪੁਰ : ਕਹਿੰਦੇ ਹਨ ਕਿ ਜੇਕਰ ਕਿਸਾਨ ਏਕਾ ਕਰਕੇ ਚੱਲਣ ਤਾਂ ਉਨ੍ਹਾਂ ਦੀ ਜਿੱਤ ਪ੍ਰਾਪਤ ਹੋ ਜਾਂਦੀ ਹੈ, ਪਰ ਕੁਝ ਕੁ ਕਿਸਾਨ ਅਜਿਹੇ ਵੀ ਹੁੰਦੇ ਹਨ, ਜੋ ਆਪਣੇ ਫਾਇਦੇ ਲਈ ਗੁਆਂਢੀ ਕਿਸਾਨ ਦੇ ਹੀ ਦੁਸ਼ਮਣ ਬਣ ਜਾਂਦੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਖੂ ਅਧੀਨ ਆਉਂਦੇ ਪਿੰਡ ਨਿਜਾਮ ਵਾਲਾ ਦਾ ਸਾਹਮਣੇ ਆਇਆ ਹੈ। ਜਿਥੋਂ ਦੀ ਰਹਿਣ ਵਾਲੀ ਇਕ ਕਿਸਾਨ ਔਰਤ ਦੀ ਮਾਲਕੀ ਜ਼ਮੀਨ ਵਿਚੋਂ ਗੁਆਂਢੀ ਕਿਸਾਨ ਪੱਕੀ ਕਣਕ ਵੱਢ ਕੇ ਲੈ ਗਏ। ਕਣਕ ਵੱਢਣ ਦੇ ਦੋਸ਼ ਵਿਚ ਥਾਣਾ ਮੱਲਾਂਵਾਲਾ ਪੁਲਿਸ ਦੇ ਵਲੋਂ 5 ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ।
ਚਰਨਜੀਤ ਕੌਰ ਪਤਨੀ ਵਿਰਸਾ ਸਿੰਘ ਵਾਸੀ ਨਿਜਾਮ ਵਾਲਾ ਨੇ ਪੁਲਿਸ ਥਾਣਾ ਮੱਲਾਂਵਾਲਾ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸ ਦੀ ਮਾਲਕੀ ਜ਼ਮੀਨ ਵਿਚੋ ਕਈ ਜਣੇ ਕਣਕ ਦੀ ਫਸਲ ਵੱਢ ਕੇ ਲੈ ਗਏ ਅਤੇ ਟਿਊਬਵੈੱਲ 'ਤੇ ਰੱਖਿਆ ਡੀਜ਼ਲ ਵਾਲਾ ਇੱਜਣ ਵੀ ਉਕਤ ਵਿਅਕਤੀ ਚੋਰੀ ਕਰ ਕੇ ਲੈ ਗਏ। ਏਐਸਆਈ ਰੇਸ਼ਮ ਸਿੰਘ ਨੇ ਦਸਿਆ ਕਿ ਸ਼ਿਕਾਇਤਕਰਤਾ ਚਰਨਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਸਵਰਨ ਸਿੰਘ ਪੁੱਤਰ ਬਲਕਾਰ ਸਿੰਘ, ਜਸਵੀਰ ਸਿੰਘ ਪੁੱਤਰ ਬਲਕਾਰ ਸਿੰਘ, ਹਰਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀਅਨ ਦੁੱਲਾ ਸਿੰਘ ਵਾਲਾ, ਕੁਲਬੀਰ ਸਿੰਘ ਪੁੱਤਰ ਸੁਦਾਗਰ ਸਿੰਘ ਸਿੰਘ ਅਤੇ ਇਕ ਕੰਬਾਈਨ ਡਰਾਇਵਰ ਦੇ ਵਿਰੁੱਧ ਆਈਪੀਸੀ ਐਕਟ ਦੀਆਂ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।