ਮੂਨਕ : ਪਿਛਲੀਆਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਲੈ ਕੇ ਕਾਂਗਰਸ ਦੀ ਸਰਕਾਰ ਬਣਾਈ ਪ੍ਰੰਤੂ 2 ਸਾਲ ਬੀਤ ਜਾਣ ਦੇ ਬਾਵਜੂਦ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸੇ ਤਰ੍ਹਾਂ ਅਕਾਲੀ ਭਾਜਪਾ ਸਰਕਾਰ ਨੇ ਵੀ ਪੰਜਾਬ ਦਾ ਕੁਝ ਨਹੀਂ ਸਵਾਰਿਆ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਕਨਵੀਂਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਪ ਦੇ ਉਮੀਦਵਾਰ ਭਗਵੰਤ ਮਾਨ ਦੀ ਚੋਣ ਮੁਹਿੰਮ ਨੂੰ ਭਰਵਾ ਹੁੰਗਾਰਾ ਦੇਣ ਲਈ ਅੱਜ ਸਬ-ਡਵੀਜਨ ਮੂਨਕ ਦੇ ਪਿੰਡਾਂ ਵਿੱਚ ਚੋਣ ਰੈਲੀਆਂ ਦੌਰਾਨ ਸ਼ਹਿਰ ਦੇ ਬੱਸ ਸਟੈੱਡ ਵਿਖੇ ਲੋਕਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ।
ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ ਤੁਸੀ ਭਗਵੰਤ ਮਾਨ ਨੂੰ ਐੱਮ.ਪੀ. ਬਣਾ ਕੇ ਸੰਸਦ ਵਿੱਚ ਭੇਜਿਆ ਸੀ ਜਿੱਥੇ ਮਾਨ ਨੇ ਸੰਸਦ ਵਿੱਚ ਛੋਟੇ ਸਾਹਿਬਜਾਦਿਆਂ ਵੱਲੋਂ ਦਿੱਤੀ ਗਈ ਕੁਰਬਾਨੀ ਨੂੰ ਯਾਦ ਕਰਦਿਆਂ ਪਿਛਲੇ ਸਾਲ 27 ਦਸੰਬਰ ਨੂੰ ਪੂਰੀ ਸੰਸਦ ਵੱਲੋਂ ਜਿਸ ਵਿੱਚ ਸਾਰੀ ਪਾਰਟੀਆਂ ਦੇ ਸਾਂਸਦ ਮੌਜੂਦ ਸਨ, ਸਰਧਾਜ਼ਲੀ ਭੇਂਟ ਕਰਵਾਈ ਜਦਕਿ ਪੰਜਾਬ ਵੱਲੋਂ ਅਕਾਲੀ ਭਾਜਪਾ ਅਤੇ ਕਾਂਗਰਸ ਦੇ ਅਨੇਕਾਂ ਲੀਡਰ ਸੰਸਦ ਵਿੱਚ ਪਿਛਲੇ 70 ਸਾਲਾਂ ਤੋਂ ਜਾ ਚੁਕੇ ਹਨ, ਪਰ ਇਹੋਂ ਜਿਹਾ ਨੇਕ ਕੰਮ ਕਿਸੇ ਨੇ ਨਹੀਂ ਕੀਤਾ। ਜਦਕਿ ਹੁਣ ਹਰ ਸਾਲ ਸੰਸਦ ਵੱਲੋਂ 27 ਦਸੰਬਰ ਨੂੰ ਸਰਧਾਜ਼ਲੀ ਭੇਂਟ ਹੋਇਆ ਕਰੇਗੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਜਿਵੇਂ ਕਿ ਨੌਜਵਾਨਾਂ ਨੂੰ ਸਮਾਰਟ ਫੋਨ ਦੇਣਾ, ਕਰਜਾ ਮੁਆਫ ਕਰਨਾ, ਬੁਢਾਪਾ ਪੈਨਸ਼ਨ ਦੁੱਗਣੀ ਕਰਨਾ ਤੇ ਹੋਰ ਅਨੇਕਾਂ ਵਾਅਦੇ ਕਰਕੇ ਲੋਕਾਂ ਕੋਲ ਵੋਟਾਂ ਵਟੌਰ ਕੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਜਦਕਿ ਮੈਂ ਦਿੱਲੀ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਦਿੱਲੀ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਨੁਹਾਰ ਬਦਲ ਦਿੱਤੀ ਹੈ।