ਤਾਇਪੇ (ਏਜੰਸੀਆਂ) :: ਤਾਇਵਾਨ ਨਿਊਜ਼ ਦੀ ਖ਼ਬਰ ਮੁਤਾਬਕ ਇਕ ਮਾਰਚ ਤੋਂ ਨਿਯਮਿਤ ਰੂਪ ਨਾਲ ਫ਼ੌਜੀ ਅਭਿਆਸ ਕੀਤੇ ਜਾ ਰਹੇ ਹਨ, ਤੇ ਹੁਣ ਚੀਨੀ ਫ਼ੌਜ ਦੇ ਲੜਾਕੂ ਜਹਾਜ਼ਾਂ ਨੂੰ ਰੋਕਣ ਲਈ ਤਾਇਵਾਨ ਆਪਣੀ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ 'ਚ ਲੱਗ ਪਿਆ ਹੈ। ਇਸੇ ਕੋਸ਼ਿਸ਼ 'ਚ ਉਸ ਨੇ ਆਪਣੀ ਹਵਾਈ ਰੱਖਿਆ ਨੂੰ ਮਜ਼ਬੂਤ ਕਰਨ ਲਈ ਮਿਜ਼ਾਈਲਾਂ ਤਾਇਨਾਤ ਕਰਨ ਦੇ ਨਾਲ ਹੀ ਫ਼ੌਜੀ ਅਭਿਆਸ ਵੀ ਤੇਜ਼ ਕਰ ਦਿੱਤਾ ਹੈ। ਪੈਟਿ੍ਆਟ ਤੇ ਐਵੈਂਜਰ ਵਰਗੀਆਂ ਅਮਰੀਕੀ ਮਿਜ਼ਾਈਲਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਚੀਨ ਇਸ ਦੀਪੀ ਖੇਤਰ ਨੂੰ ਆਪਣਾ ਮੰਨਦਾ ਹੈ ਤੇ ਇਸ 'ਤੇ ਕਬਜ਼ੇ ਲਈ ਤਾਕਤ ਦੀ ਵਰਤੋਂ ਤਕ ਦੀ ਧਮਕੀ ਦੇ ਚੁੱਕਾ ਹੈ। ਉਹ ਤਾਇਵਾਨ ਨੂੰ ਧਮਕਾਉਣ ਲਈ ਇਸ ਮਹੀਨੇ ਹੁਣ ਤਕ 12 ਵਾਰੀ ਲੜਾਕੂ ਜਹਾਜ਼ਾਂ ਨੂੰ ਭੇਜ ਚੁੱਕਾ ਹੈ।
ਤਾਇਵਾਨ ਦੇ ਉੱਤਰੀ ਤੇ ਦੱਖਣੀ ਖੇਤਰਾਂ ਦੀਆਂ ਸੜਕਾਂ 'ਤੇ ਫ਼ੌਜੀ ਵਾਹਨਾਂ ਤੇ ਉਪਕਰਨਾਂ ਦੀ ਆਵਾਜਾਈ ਦੇਖੀ ਜਾ ਰਹੀ ਹੈ। ਇਸ ਤਰ੍ਹਾਂ ਦੇ ਅਭਿਆਸ ਦਾ ਮਕਸਦ ਇਹ ਪ੍ਰਦਰਸ਼ਿਤ ਕਰਨਾ ਹੈ ਕਿ ਤਾਇਵਾਨੀ ਆਰਮਡ ਦਸਤੇ ਦੁਸ਼ਮਣ ਦੇ ਹਵਾਈ ਹਮਲੇ ਨੂੰ ਨਾਕਾਮ ਕਰਨ 'ਚ ਪੂਰੀ ਤਰ੍ਹਾਂ ਸਮਰੱਥ ਹਨ। ਪੈਟਿ੍ਆਟ ਮਿਜ਼ਾਈਲਾਂ ਨਾਲ ਲੈਸ ਮੋਬਾਈਲ ਯੂਨਿਟਸ ਨੂੰ ਇਕ ਤੋਂ ਦੂਜੀ ਥਾਂ ਪਹੁੰਚਾਇਆ ਜਾ ਰਿਹਾ ਹੈ ਜਦਕਿ ਫ਼ੌਜ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀਆਂ ਐਵੈਂਜਰ ਮਿਜ਼ਾਈਲਾਂ ਰਾਤ ਦੇ ਸਮੇਂ ਲਿਜਾ ਰਹੀ ਹੈ।